ਜਾਅਲੀ ਕਰੰਸੀ ਛਾਪਣ ਵਾਲੇ ਗਰੋਹ ਦਾ ਪਰਦਾਫ਼ਾਸ਼
ਇੱਥੋਂ ਦੀ ਕ੍ਰਾਈਮ ਬਰਾਂਚ ਵੱਲੋਂ ਜਾਅਲੀ ਭਾਰਤੀ ਕਰੰਸੀ ਛਾਪਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਮੰਡੀ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਗੌਰਵ ਕੁਮਾਰ, ਪਟਿਆਲਾ ਗੇਟ ਸੰਗਰੂਰ ਦੇ ਰਹਿਣ ਵਾਲੇ ਵਿਕਰਮ ਮੀਨਾ ਉਰਫ਼ ਵਿੱਕੀ ਅਤੇ ਝਾਲਰਾਪਟਨ ਜ਼ਿਲ੍ਹਾ ਝਾਲਾਵਾੜ, ਰਾਜਸਥਾਨ ਦੇ ਰਹਿਣ ਵਾਲੇ ਜਤਿੰਦਰ ਸ਼ਰਮਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮਾਂ ਤੋਂ 24 ਲੱਖ 27 ਹਜ਼ਾਰ 700 ਰੁਪਏ ਦੇ ਜਾਅਲੀ ਭਾਰਤੀ ਕਰੰਸੀ ਨੋਟ, ਪ੍ਰਿੰਟਰ, ਆਰ ਬੀ ਆਈ ਨਾਲ ਜੁੜੀਆਂ ਬਾਂਡ ਪੇਪਰ ਸ਼ੀਟਾਂ ਅਤੇ ਜਾਅਲੀ ਭਾਰਤੀ ਕਰੰਸੀ ਛਾਪਣ ਅਤੇ ਵੰਡਣ ਲਈ ਵਰਤੀਆਂ ਜਾਂਦੀਆਂ ਹੋਰ ਚੀਜ਼ਾਂ ਬਰਾਮਦ ਕੀਤੀਆਂ ਹਨ।
ਜਾਣਕਾਰੀ ਅਨੁਸਾਰ ਪੁਲੀਸ ਨੂੰ ਕੇਂਦਰੀ ਏਜੰਸੀ ਤੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀਆਂ ਵੱਲੋਂ ਚੰਡੀਗੜ੍ਹ ਵਿੱਚ ਭਾਰਤੀ ਕਰੰਸੀ ਦੇ 500 ਦੇ ਜਾਅਲੀ ਨੋਟਾਂ ਨੂੰ ਵੰਡਿਆ ਜਾ ਰਿਹਾ ਹੈ। ਇਸ ’ਤੇ ਐੱਸ ਪੀ ਜਸਬੀਰ ਸਿੰਘ ਦੀ ਨਿਗਰਾਨੀ ਹੇਠ ਕ੍ਰਾਈਮ ਬਰਾਂਚ ਦੇ ਡੀ ਐੱਸ ਪੀ ਧੀਰਜ ਕੁਮਾਰ ਅਤੇ ਇੰਸਪੈਕਟਰ ਸਤਵਿੰਦਰ ਨੇ ਕਾਰਵਾਈ ਕੀਤੀ। ਸੈਕਟਰ-22 ਵਿੱਚ ਜਾਲ ਵਿਛਾਇਆ ਗਿਆ ਤਾਂ ਪੁਲੀਸ ਨੇ ਦੋਵੇਂ ਮੁਲਜ਼ਮਾਂ ਗੌਰਵ ਕੁਮਾਰ ਅਤੇ ਵਿਕਰਮ ਮੀਨਾ ਉਰਫ਼ ਵਿੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਗੌਰਵ ਕੁਮਾਰ ਦੀ ਤਲਾਸ਼ੀ ਲੈਣ ’ਤੇ 500 ਰੁਪਏ ਦੇ 19 ਜਾਅਲੀ ਨੋਟ ਮਿਲੇ। ਉਸ ਦੀ ਕਾਰ ਦੀ ਤਲਾਸ਼ੀ ਲੈਣ ’ਤੇ 500 ਰੁਪਏ ਦੇ 1,626 ਹੋਰ ਜਾਅਲੀ ਨੋਟ ਮਿਲੇ। ਇਸ ਤੋਂ ਇਲਾਵਾ ਵਿਕਰਮ ਮੀਨਾ ਦੀ ਆਲਟੋ ਕਾਰ ਤੋਂ 500 ਰੁਪਏ ਦੇ 392 ਜਾਅਲੀ ਨੋਟ ਬਰਾਮਦ ਕੀਤੇ ਗਏ। ਇਸ ਸਬੰਧ ਵਿੱਚ ਪੁਲੀਸ ਸਟੇਸ਼ਨ ਕ੍ਰਾਈਮ ਸੈਕਟਰ-11, ਚੰਡੀਗੜ੍ਹ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਤੇ ਹੋਰ ਜਾਂਚ ਹੋਈ ਤਾਂ ਰਾਜਸਥਾਨ ਤੋਂ ਜਤਿੰਦਰ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਪੰਜਾਬ, ਰਾਜਸਥਾਨ, ਜੰਮੂ ’ਚ ਜਾਅਲੀ ਨੋਟਾਂ ਦੀ ਸਪਲਾਈ ਕਰਦੇ ਸਨ।