ਮੋਬਾਈਲ ਰਾਹੀਂ ਧੋਖਾਧੜੀ ਨਾਲ ਪੈਸੇ ਠੱਗਣ ਵਾਲੇ ਗਰੋਹ ਦਾ ਪਰਦਾਫਾਸ਼, 4 ਗ੍ਰਿਫ਼ਤਾਰ
ਜ਼ਿਲ੍ਹਾ ਪੁਲੀਸ ਨੇ ਲੋਕਾਂ ਤੋਂ ਮੋਬਾਈਲ ਫ਼ੋਨ ਰਾਹੀ ਧੋਖਾਧੜੀ ਕਰਨ ਵਾਲੇ ਵੱਖ-ਵੱਖ ਸੂਬਿਆਂ ਦੇ ਗਰੋਹ ਦੇ 4 ਮੈਬਰਾਂ ਨੂੰ 9 ਲੱਖ ਰੁਪਏ ਸਮੇਤ ਕਾਬੂ ਕੀਤਾ ਹੈ, ਜਦੋਂਕਿ ਇਨ੍ਹਾਂ ਦੇ 3 ਸਾਥੀ ਅਜੇ ਫ਼ਰਾਰ ਹਨ। ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਦਸਿਆ ਕਿ 10 ਅਪਰੈਲ, 2025 ਨੂੰ ਹਰਪਾਲ ਸਿੰਘ ਚੀਮਾ ਵਾਸੀ ਲੁਹਾਰੀ ਕਲਾਂ ਨੇ ਥਾਣਾ ਸਾਈਬਰ ਕਰਾਈਮ ਪਾਸ ਸ਼ਿਕਾਇਤ ਕੀਤੀ ਕਿ 5 ਅਪਰੈਲ ਨੂੰ ਉਸ ਦੇ ਮੋਬਾਈਲ ਫ਼ੋਨ ‘ਤੇ ਵੱਟਸਐਪ ਕਾਲ ਕਰਕੇ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਘਰ ਵਿਚ ਡਿਜੀਟਲ ਗ੍ਰਿਫ਼ਤਾਰੀ ਦੀ ਧਮਕੀ ਦੇ ਕੇ ਉਸ ਪਾਸੋਂ ਆਪਣੇ ਬੈਂਕ ਖਾਤੇ ਵਿੱਚ 30 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਨਾਮਲੂਮ ਵਿਅਕਤੀਆਂ ਖਿਲਾਫ਼ 10 ਅਪਰੈਲ ਨੂੰ ਧਾਰਾ 318 (4),316 (2), 61 (2) ਬੀਐੱਨਐੱਸ ਤਹਿਤ ਕੇਸ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ। ਕੇਸ ਵਿਚ 7 ਮੁਲਜ਼ਮ ਨਾਮਜ਼ਦ ਕੀਤੇ ਜਿਨ੍ਹਾਂ ਵਿੱਚੋਂ ਮਨਿੰਦਰ ਸਿੰਘ, ਅਨਿਲ ਕੁਮਾਰ ਅਤੇ ਨਵੀਨ ਸ਼ਰਮਾ ਅਤੇ ਅਕਬਰ ਅਲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 9 ਲੱਖ ਰੁਪਏ ਦੀ ਬਰਾਮਦ ਕੀਤੇ ਗਏ।
ਉਨ੍ਹਾਂ ਇਹ ਵੀ ਦੱਸਿਆ ਕਿ ਅਕਬਰ ਅਲੀ ਦੀ ਪੁੱਛਗਿੱਛ ਦੇ ਅਧਾਰ ‘ਤੇ ਰਿਸ਼ਾਦ ਮੈਲਾਕਮ ਵਾਸੀ ਮੱਲਾਪੁਰਮ, ਕੇਰਲ ਨੂੰ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮ ਅਕਬਰ ਅਲੀ ਨੂੰ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਕੇ ਉਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ। ਉਨ੍ਹਾਂ ਦਸਿਆ ਕਿ ਇਸ ਗਰੋਹ ਵੱਲੋਂ ਭੋਲੇਭਾਲੇ ਲੋਕਾਂ ਨੂੰ ਮੋਬਾਈਲ ਫ਼ੋਨ ਰਾਹੀ ਘਰ ਵਿਚ ਹੀ ਡਿਜੀਟਲ ਗ੍ਰਿਫ਼ਤਾਰੀ ਕਰਨ ਸਬੰਧੀ ਖ਼ੌਫ਼ ਪੈਦਾ ਕਰ ਕੇ ਉਨ੍ਹਾਂ ਪਾਸੋਂ ਮੋਟੀ ਰਕਮ ਵਸੂਲ ਕਰਕੇ ਧੋਖਾਧੜੀ ਕੀਤੀ ਜਾਂਦੀ ਸੀ।