ਜੀ-7 ਆਗੂਆਂ ’ਚ ਅਹਿਮ ਮੁੱਦਿਆਂ ’ਤੇ ਨਾ ਬਣੀ ਸਹਿਮਤੀ
ਕਨਾਨਸਕਿਸ, 18 ਜੂਨ
ਜੀ-7 ਮੁਲਕਾਂ ਦੇ ਛੇ ਆਗੂਆਂ ਨੇ ਯੂਕਰੇਨ ’ਚ ਰੂਸ ਦੀ ਜੰਗ ਅਤੇ ਇਜ਼ਰਾਈਲ-ਇਰਾਨ ਸੰਘਰਸ਼ ਬਾਰੇ ਚਰਚਾ ਕੀਤੀ ਪਰ ਉਹ ਇਸ ਸਬੰਧੀ ਅਤੇ ਹੋਰ ਕਈ ਮੁੱਦਿਆਂ ’ਤੇ ਅਹਿਮ ਸਮਝੌਤੇ ਉਪਰ ਪਹੁੰਚਣ ’ਚ ਨਾਕਾਮ ਰਹੇ। ਇਨ੍ਹਾਂ ਆਗੂਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸੰਮੇਲਨ ਵਿਚਾਲੇ ਛੱਡ ਕੇ ਜਾਣ ਦੇ ਬਾਵਜੂਦ ਅਮੀਰ ਮੁਲਕਾਂ ਦੇ ਆਗੂ ਆਲਮੀ ਨੀਤੀ ਘੜ ਸਕਦੇ ਹਨ ਪਰ ਹਕੀਕਤ ’ਚ ਅਜਿਹਾ ਕੁਝ ਨਹੀਂ ਹੋਇਆ। ਕੈਨੇਡਾ, ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ ਅਤੇ ਜਪਾਨ ਦੇ ਆਗੂ ਸਿਖਰ ਸੰਮੇਲਨ ਦੇ ਅੰਤਿਮ ਸੈਸ਼ਨ ’ਚ ਸ਼ਾਮਲ ਹੋਏ ਜਿਸ ’ਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਅਤੇ ਨਾਟੋ ਮੁਖੀ ਮਾਰਕ ਰੁਟ ਨੇ ਵੀ ਸ਼ਿਰਕਤ ਕੀਤੀ। ਜ਼ੈਲੇਂਸਕੀ ਨੇ ਕਿਹਾ, ‘‘ਸਾਨੂੰ ਸਹਿਯੋਗੀ ਮੁਲਕਾਂ ਦੀ ਹਮਾਇਤ ਚਾਹੀਦੀ ਹੈ ਅਤੇ ਇਸ ਲਈ ਮੈਂ ਇਥੇ ਆਇਆ ਹਾਂ। ਅਸੀਂ ਸ਼ਾਂਤੀ ਸਮਝੌਤੇ ਅਤੇ ਬਿਨਾਂ ਸ਼ਰਤ ਜੰਗਬੰਦੀ ਲਈ ਤਿਆਰ ਹਾਂ। ਮੈਨੂੰ ਜਾਪਦਾ ਹੈ ਕਿ ਇਹ ਬਹੁਤ ਅਹਿਮ ਹੈ ਪਰ ਇਸ ਲਈ ਸਾਨੂੰ ਦਬਾਅ ਬਣਾਉਣ ਦੀ ਲੋੜ ਹੈ।’’ ਸੰਮੇਲਨ ’ਚ ਸ਼ਾਮਲ ਹੋਏ ਬਾਕੀ ਆਗੂਆਂ ਨੇ ਅਜਿਹੀਆਂ ਗ਼ੈਰ-ਬਾਜ਼ਾਰੀ ਨੀਤੀਆਂ ਨਾਲ ਸਿੱਝਣ ਲਈ ਸਾਂਝੇ ਹੰਭਲੇ ਮਾਰਨ ’ਤੇ ਸਹਿਮਤੀ ਪ੍ਰਗਟਾਈ ਜੋ ਮਹੱਤਵਪੂਰਨ ਖਣਿਜਾਂ ਅਤੇ ਆਲਮੀ ਪਹੁੰਚ ਨੂੰ ਖ਼ਤਰੇ ’ਚ ਪਾ ਸਕਦੀਆਂ ਹਨ। ਉਨ੍ਹਾਂ ਨੌਕਰੀਆਂ ਅਤੇ ਵਾਤਾਵਰਨ ’ਤੇ ਮਸਨੂਈ ਬੌਧਿਕਤਾ (ਏਆਈ) ਦੇ ਨਾਂਹ-ਪੱਖੀ ਪ੍ਰਭਾਵਾਂ ਨੂੰ ਸੀਮਤ ਕਰਨ ਦਾ ਵੀ ਅਹਿਦ ਲਿਆ ਪਰ ਨਾਲ ਹੀ ਤਕਨਾਲੋਜੀ ਦੇ ਖੇਤਰ ’ਚ ਆ ਰਹੇ ਬਦਲਾਵਾਂ ਨੂੰ ਅਪਣਾਉਣ ’ਤੇ ਵੀ ਜ਼ੋਰ ਦਿੱਤਾ। ਉਂਝ ਸਿਖਰ ਸੰਮੇਲਨ ਦਾ ਉਦੇਸ਼ ਅਹਿਮ ਆਲਮੀ ਮੁੱਦਿਆਂ ’ਤੇ ਏਕਾ ਦਿਖਾਉਣਾ ਸੀ ਪਰ ਯੂਕਰੇਨ ’ਚ ਜੰਗ ਬਾਰੇ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ ਗਿਆ। ਸਿਖਰ ਸੰਮੇਲਨ ਦੌਰਾਨ ਜ਼ੈਲੇਂਸਕੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਮਿਲਣਾ ਸੀ ਪਰ ਟਰੰਪ ਦੇ ਵਾਸ਼ਿੰਗਟਨ ਪਰਤਣ ਕਾਰਨ ਇਹ ਪ੍ਰੋਗਰਾਮ ਰੱਦ ਹੋ ਗਿਆ। -ਏਪੀ