ਜਸਵਿੰਦਰ ਭੱਲਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ
ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਹਾਸਰਸ ਕਲਾਕਾਰ ਜਸਵਿੰਦਰ ਭੱਲਾ, ਜੋ ਬੀਤੇ ਦਿਨੀਂ ਸਦੀਵੀਂ ਵਿਛੋੜਾ ਦੇ ਗਏ ਸਨ, ਨਮਿਤ ਭੋਗ ਤੇ ਅੰਤਿਮ ਅਰਦਾਸ ਇਥੋਂਂ ਦੇ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਸੈਕਟਰ-34 ਵਿੱਚ ਹੋਈ। ਇਸ ਮੌਕੇ ਸਿਆਸੀ, ਸਮਾਜਿਕ, ਅਕਾਦਮਿਕ, ਸੱਭਿਆਚਾਰਕ ਤੇ ਫਿਲਮ ਜਗਤ ਸਣੇ ਵੱਖ-ਵੱਖ ਖੇਤਰਾਂ ਤੋਂ ਪੁੱਜੀਆਂ ਸ਼ਖ਼ਸੀਅਤਾਂ ਨੇ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਈ ਜੋਗਿੰਦਰ ਸਿੰਘ ਰਿਆੜ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਦੌਰਾਨ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਚਾਰ ਦਹਾਕਿਆਂ ਤੋਂ ਡਾ. ਜਸਵਿੰਦਰ ਭੱਲਾ ਨਾਲ ਬਿਤਾਏ ਪਲਾਂ ਤੇ ਉਨ੍ਹਾਂ ਦੇ ਕਲਾ ਦੇ ਖੇਤਰ ’ਚ ਪਾਏ ਯੋਗਦਾਨ ਦਾ ਜ਼ਿਕਰ ਕਰਦਿਆਂ ਵਿਛੜੇ ਸਾਥੀ ਨੂੰ ਯਾਦ ਕੀਤਾ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਲਟ ਲੇਕ ਸਿਟੀ ਅਮਰੀਕਾ ਦੇ ਗਵਰਨਰ, ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਦੇ ਨਾਲ ਹੀ ਸਾਬਕਾ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਨਗਰ ਨਿਗਮ ਮੁਹਾਲੀ ਵੱਲੋਂ ਮੁਹਾਲੀ ਦੇ ਚੌਕ ਦਾ ਨਾਮ ਜਸਵਿੰਦਰ ਭੱਲਾ ਦੇ ਨਾਮ ’ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੌਰਾਨ ਡਾ. ਜਸਵਿੰਦਰ ਭੱਲਾ ਦੇ ਪੁੱਤਰ ਪੁਖਰਾਜ ਭੱਲਾ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਦੀ ਧੀ ਅਸ਼ਪ੍ਰੀਤ ਭੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਿਤਾ ’ਤੇ ਮਾਣ ਹੈ।
ਇਸ ਮੌਕੇ ਪਰਿਵਾਰਕ ਮੈਂਬਰਾਂ ਵਿੱਚ ਸ੍ਰੀ ਭੱਲਾ ਦੇ ਮਾਤਾ ਸਤਵੰਤ ਕੌਰ, ਪਤਨੀ ਪਰਮਦੀਪ ਕੌਰ, ਜਵਾਈ ਵਿਕਰਮ ਸਿੰਘ, ਭੈਣ ਕੁਲਜੀਤ ਕੌਰ ਤੇ ਭਣੋਈਏ ਰਾਜਪਾਲ ਸਿੰਘ ਤੇ ਨੂੰਹ ਦਿਸ਼ਦੀਪ ਸਿੱਧੂ ਤੋਂ ਇਲਾਵਾ ਸਾਬਕਾ ਲੋਕ ਸਭਾ ਮੈਂਬਰ ਤੇ ਗਾਇਕ ਮੁਹੰਮਦ ਸਦੀਕ, ਗੀਤਕਾਰ ਬਾਬੂ ਸਿੰਘ ਮਾਨ, ਗੁੱਗੂ ਗਿੱਲ, ਪੰਮੀ ਬਾਈ, ਗਿੱਪੀ ਗਰੇਵਾਲ, ਨੀਲੂ ਸ਼ਰਮਾ, ਬੀਨੂੰ ਢਿੱਲੋਂ, ਬੀ ਐੱਨ ਸ਼ਰਮਾ, ਸ਼ਮਸ਼ੇਰ ਸਿੰਘ ਸੰਧੂ, ਹਰਦੀਪ ਗਿੱਲ, ਡਾ. ਨਿਰਮਲ ਜੌੜਾ, ਗੁਰਪ੍ਰੀਤ ਭੰਗੂ, ਸੀਮਾ ਕੌਸ਼ਲ, ਹਰਬੀ ਸੰਘਾ, ਸਰਦਾਰ ਸੋਹੀ, ਦਰਸ਼ਨ ਔਲਖ, ਸੁਰਿੰਦਰ ਫਰਿਸ਼ਤਾ, ਸੰਤਾ-ਬੰਤਾ ਨੇ ਹਾਜ਼ਰੀ ਭਰੀ। ਇਸ ਮੌਕੇ ਲੇਖਕ ਰਵਿੰਦਰ ਰੰਗੂਵਾਲ, ਨਵਦੀਪ ਸਿੰਘ ਲੱਕੀ, ਡਾ. ਰੁਪਿੰਦਰ ਕੌਰ ਤੂਰ, ਸੰਤੋਖ ਸਿੰਘ ਔਜਲਾ, ਕਮਲਜੀਤ ਬਣਵੈਤ, ਬਿੱਲਾ ਲਸੋਈ ਵਾਲਾ, ਭੱਟੀ ਭੜੀ ਵਾਲਾ, ਭੁਪਿੰਦਰ ਮਟੌਰੀਆ, ਜਗਤਾਰ ਭੁੱਲਰ, ਜਗਜੀਤ ਸਿੰਘ ਸੰਧੂ, ਡਾ. ਤੇਜਿੰਦਰ ਸਿੰਘ ਰਿਆੜ, ਡਾ. ਕੇਵਲ ਅਰੋੜਾ ਵੀ ਹਾਜ਼ਰ ਸਨ।