ਕਬੱਡੀ ਖਿਡਾਰੀ ਤੇਜਪਾਲ ਦਾ ਅੰਤਿਮ ਸੰਸਕਾਰ
ਜਗਰਾਉਂ ’ਚ ਕਤਲ ਕੀਤੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦਾ ਅੱਜ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਗਿੱਦੜਵਿੰਡੀ ਵਿਖੇ ਪੱਪੀ ਯਾਦਗਾਰੀ ਖੇਡ ਮੈਦਾਨ ਵਿੱਚ ਕੀਤਾ ਗਿਆ। ਲੋਕਾਂ ਦੇ ਹਰਮਨ ਪਿਆਰੇ ਕਬੱਡੀ ਖਿਡਾਰੀ ਅਤੇ ਮਾਪਿਆਂ ਦੇ ਇਕਲੌਤੇ ਪੁੱਤਰ ਤੇਜਪਾਲ ਦੀ ਅੰਤਿਮ ਯਾਤਰਾ ’ਚ ਇਲਾਕੇ ਭਰ ’ਚੋਂ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਅਤੇ ਨਮ ਅੱਖਾਂ ਨਾਲ ਮਾਂ ਖੇਡ ਕਬੱਡੀ ਦੇ ਸਿਤਾਰੇ ਨੂੰ ਸ਼ਰਧਾਂਜਲੀ ਦਿੱਤੀ।
ਦੂਸਰੇ ਪਾਸੇ ਤੇਜਪਾਲ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਬਾਰੇ ਐੱਸ ਪੀ (ਡੀ) ਹਰਕਮਲ ਕੌਰ, ਡੀ ਐੱਸ ਪੀ ਜਸਵਿੰਦਰ ਸਿੰਘ ਢੀਂਡਸਾ, ਡੀ ਐੱਸ ਪੀ ਜਤਿੰਦਰ ਸਿੰਘ ਨੇ ਸਾਂਝੇ ਤੌਰ ’ਤੇ ਜਾਣਕਾਰੀ ਦਿੱਤੀ ਕਿ ਪੁਲੀਸ ਵੱਲੋਂ ਤੇਜਪਾਲ ਦੇ ਕਤਲ ਲਈ ਜ਼ਿੰਮੇਵਾਰ ਤੀਜੇ ਮੁਲਜ਼ਮ ਹਰਜੋਬਨਪ੍ਰੀਤ ਸਿੰਘ ਉਰਫ ਕਾਲਾ (ਰੂੰਮੀ) ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਦੋ ਮੁਲਜ਼ਮ ਹਰਪ੍ਰੀਤ ਸਿੰਘ ਹਨੀ ਵਾਸੀ ਪਿੰਡ ਰੂੰਮੀ ਅਤੇ ਗਗਨਦੀਪ ਸਿੰਘ ਉਰਫ ਗਗਨਾ ਵਾਸੀ ਪਿੰਡ ਕਿੱਲੀ ਚਾਹਲਾਂ (ਮੋਗਾ) ਪੁਲੀਸ ਕੋਲ ਰਿਮਾਂਡ ’ਤੇ ਚੱਲ ਰਹੇ ਹਨ। ਡੀ ਐੱਸ ਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਜੋਬਨਪ੍ਰੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਕਤਲ ਨਾਲ ਜੁੜੀਆਂ ਹੋਰ ਪਰਤਾਂ ਖੋਲ੍ਹੀਆਂ ਜਾ ਸਕਣ।
