‘ਫੁੱਫੜ’ ਤੋਂ ਭਗੌੜਾ: 'ਆਪ' ਵਿਧਾਇਕ ਪਠਾਣਮਾਜਰਾ ਦੇ ਰੁਤਬੇ ’ਚ ਆਇਆ ਨਿਘਾਰ
ਤਿੰਨ ਦਿਨ ਪਹਿਲਾਂ ਤੱਕ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨਾਲ ਆਪਣੇ ਰਿਸ਼ਤੇ ਕਾਰਨ “ਫੁੱਫੜ” ਦਾ ਰੁਤਬਾ ਮਾਣ ਰਹੇ ਸਨ। ਸੱਤਾ ਦੇ ਗਲਿਆਰਿਆਂ ਵਿੱਚ ਉਨ੍ਹਾਂ ਦਾ ਚੰਗਾ ਰਸੂਖ ਸੀ ਅਤੇ ਉਹ ਸੱਤਾਧਾਰੀ ਸਰਕਾਰ ਵਿੱਚ ਇੱਕ “ਬਾਹੂਬਲੀ ਨੇਤਾ” ਵਜੋਂ ਜਾਣੇ ਜਾਂਦੇ ਸਨ।
ਪਰ, ਹੁਣ ਅਚਾਨਕ ਹੀ ਉਹ ਇੱਕ ਸ਼ਕਤੀਸ਼ਾਲੀ ਪਾਰਟੀ ਵਿਧਾਇਕ ਤੋਂ ਇੱਕ ਬਲਾਤਕਾਰ ਦੇ ਦੋਸ਼ੀ ਵਿੱਚ ਬਦਲ ਗਏ ਹਨ, ਜੋ ਇੱਕ ਗੈਂਗਸਟਰ ਵਾਂਗ ਪੁਲੀਸ ਹਿਰਾਸਤ ਵਿੱਚੋਂ ਫਰਾਰ ਹੋ ਗਏ ਹਨ।
ਵਿਵਾਦ ਦੇ ਪਿਛੋਕੜ ਵਿੱਚ ਹਲਕੇ ਦੀ ਖ਼ਸਤਾ ਹਾਲਤ ਨੇ ਵੀ ਸਭ ਦਾ ਧਿਆਨ ਖਿੱਚਿਆ ਹੈ। ਘੱਗਰ ਵਿੱਚ ਹੜ੍ਹ ਆਉਣ ਕਾਰਨ ਸਨੌਰ ਹਲਕੇ ਦੇ ਵਸਨੀਕ ਰੋਜ਼ ਹੜ੍ਹ ਦੇ ਡਰ ਦਾ ਸਾਹਮਣਾ ਕਰ ਰਹੇ ਹਨ। ਖ਼ਸਤਾ ਬੁਨਿਆਦੀ ਢਾਂਚੇ ਅਤੇ ਇਲਾਕੇ ਨੂੰ ਅਣਗੌਲਿਆ ਹੋਣ ਕਰਕੇ ਲੋਕਾਂ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ ਹਨ।
ਦੁਖਾਂਤ ਇਹ ਹੈ ਕਿ ਉਨ੍ਹਾਂ(ਪਠਾਮਾਜਰਾ) ਦੇ ਜੱਦੀ ਪਿੰਡ ਦੇਵੀਗੜ੍ਹ, ਘਰਾਮ ਅਤੇ ਭੁਨਰਹੇੜੀ ਤੋਂ ਜਾਣ ਵਾਲੀਆਂ ਸੜਕਾਂ ਖ਼ਸਤਾ ਹਾਲਤ ਵਿੱਚ ਹਨ, ਜਦੋਂ ਕਿ ਬੁਨਿਆਦੀ ਸਹੂਲਤਾਂ ਅਜੇ ਵੀ ਗਾਇਬ ਹਨ। ਦੇਵੀਗੜ੍ਹ ਪੁਲ ’ਤੇ ਇੱਕ ਸਥਾਨਕ ਵਸਨੀਕ ਰਣਜੀਤ ਸਿੰਘ ਸਰਕਾਰ ਤੋਂ ਸਾਰੀ ਉਮੀਦ ਛੱਡ ਯਾਤਰੀਆਂ ਦੀ ਖੱਜਲ-ਖੁਆਰੀ ਨੂੰ ਘੱਟ ਕਰਨ ਲਈ ਟੋਏ ਵਿੱਚ ਬੱਜਰੀ ਭਰ ਰਿਹਾ ਸੀ।
ਹਲਕਾਵਾਸੀਆਂ ਨੇ ਆਪਣੇ ਵਿਧਾਇਕ ਬਾਰੇ ਮਿਲੇ-ਜੁਲੇ ਵਿਚਾਰ ਪ੍ਰਗਟ ਕੀਤੇ। ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਕਾਸ ਨਾ ਕਰਵਾ ਸਕਣ ਦੀ ਆਪਣੀ ਅਸਫਲਤਾ ਨੂੰ ਲੁਕਾਉਣ ਲਈ ਦੋਸ਼ ਸਰਕਾਰ ’ਤੇ ਮੜ੍ਹਿਆ ਜਾ ਰਿਹਾ ਹੈ, ਜਦੋਂ ਕਿ ਕੁੱਝ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਅਤੇ ਸਖ਼ਤ ਨੌਕਰਸ਼ਾਹੀ ਦੇ ਵਿਰੁੱਧ ਬੋਲਣ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸਥਾਨਕ ਲੋਕਾਂ ਨੇ ਵਿਧਾਇਕ ’ਤੇ ਸਰਕਾਰ ਦੀ ਮਦਦ ਨਾਲ ਰੇਤ ਦੀ ਮਾਈਨਿੰਗ ਅਤੇ ਜ਼ਮੀਨ 'ਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਹੈ। ਇੱਕ ਵਸਨੀਕ ਨੇ ਕਿਹਾ, “ਲੋਕਾਂ ਵਿੱਚ ਗੁੱਸਾ ਦੇਖ ਕੇ ਉਨ੍ਹਾਂ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ। ਵਿਧਾਇਕ ਨੇ ਆਪਣੀ ਹੀ ਸਰਕਾਰ ਅਤੇ ਨੌਕਰਸ਼ਾਹੀ ਦੇ ਖਿਲਾਫ਼ ਇਸ ਲਈ ਗੱਲ ਕੀਤੀ ਕਿਉਂਕਿ ਉਹ ਉਸ ਨੂੰ ਕੰਮ ਨਹੀਂ ਕਰਨ ਦੇ ਰਹੇ ਸਨ। ਪਰ ਇਹ ਚਾਲ ਉਲਟੀ ਪੈ ਗਈ। ਇਲਾਕੇ ਦੇ ਲੋਕ ਜਾਣਦੇ ਸਨ ਕਿ ਉਸ ’ਤੇ ਜਬਰ ਜਨਾਹ ਦੇ ਮਾਮਲੇ ਵਿੱਚ FIR ਦਰਜ ਹੈ। ਉਸ ਨੇ ਹੜ੍ਹਾਂ ਦੇ ਮੁੱਦੇ ਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਿਸ ਨੇ ਹੁਣ ਤੱਕ ਕੋਈ ਖਾਸ ਨੁਕਸਾਨ ਨਹੀਂ ਪਹੁੰਚਾਇਆ ਹੈ।’’
ਹਾਲਾਂਕਿ ਹਰ ਕੋਈ ਆਲੋਚਕ ਵੀ ਨਹੀਂ ਸੀ। ਭਸਮਾਰਾ ਪਿੰਡ ਦੇ ਗੁਰਭੇਜ ਸਿੰਘ ਨੇ ਕਿਹਾ ਕਿ ਪਠਾਣਮਾਜਰਾ ਲੋਕਾਂ ਲਈ ਖੜ੍ਹੇ ਸਨ। “ਉਹ ਸਰਕਾਰ ਵਿਰੁੱਧ ਬੋਲਣ ਦੀ ਕੀਮਤ ਚੁਕਾ ਰਹੇ ਹਨ। ਜੇਕਰ ਨਦੀ ਦੀ ਗਾਰ ਕੱਢਣ ਅਤੇ ਨਦੀ ਵਿੱਚੋਂ ਜੰਗਲੀ ਬੂਟੀ ਨੂੰ ਸਮੇਂ ਸਿਰ ਹਟਾਇਆ ਜਾਂਦਾ, ਤਾਂ ਖੇਤਾਂ ਨੂੰ ਹੜ੍ਹਾਂ ਤੋਂ ਬਚਾਇਆ ਜਾ ਸਕਦਾ ਸੀ। ਘੱਗਰ ਨੇ ਜੂਲਹੇੜੀ, ਸ਼ੇਖੂਪੁਰਾ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਪਹਿਲਾਂ ਹੀ ਹੜ੍ਹ ਲਿਆ ਦਿੱਤੇ ਹਨ।’’
ਨਸ਼ਿਆਂ ਦੇ ਸੰਕਟ ਨੇ ਆਲੋਚਨਾ ਨੂੰ ਹੋਰ ਵਧਾਇਆ
ਨਸ਼ਾਖੋਰੀ ਦਾ ਫੈਲਣਾ ਇੱਕ ਹੋਰ ਵੱਡਾ ਮੁੱਦਾ ਹੈ ਜਿਸ ਬਾਰੇ ਸਨੌਰ ਦੇ ਵਸਨੀਕ ਸ਼ਿਕਾਇਤ ਕਰਦੇ ਹਨ। ਉਹ ਦੋਸ਼ ਲਗਾਉਂਦੇ ਹਨ ਕਿ ਵਿਧਾਇਕ ਪਠਾਣਮਾਜਰਾ ਇਸ ਸਮੱਸਿਆ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਨਸ਼ੇੜੀ ਅਫੀਮ ਅਤੇ ਭੁੱਕੀ ਵਰਗੇ ਰਵਾਇਤੀ ਨਸ਼ੇ ਕਰਦੇ ਸਨ, ਪਰ ਹੁਣ ਨਸ਼ੇੜੀ ਸਿੰਥੈਟਿਕ ਨਸ਼ਿਆਂ ਅਤੇ ਫਾਰਮਾਸਿਊਟੀਕਲ ਨਸ਼ਿਆਂ ਦੇ ਆਦੀ ਹੋ ਰਹੇ ਹਨ।
ਜੂਲਹੇੜੀ ਪਿੰਡ ਦੇ ਸੀਤਾ ਰਾਮ ਨੇ ਯਾਦ ਕੀਤਾ ਕਿ ਵਿਧਾਇਕ ਹਾਲ ਹੀ ਵਿੱਚ ਇਲਾਕੇ ਦਾ ਦੌਰਾ ਕਰਨ ਆਏ ਸਨ। ਉਸ ਨੇ ਕਿਹਾ, “ਪਹਿਲੀ ਵਾਰ, ਉਨ੍ਹਾਂ ਵਸਨੀਕਾਂ ਦੀ ਦੁਰਦਸ਼ਾ ਨੂੰ ਉਜਾਗਰ ਕੀਤਾ। ਪਰ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸਦਾ ਹਾਂ, ਕਿ ਸਰਕਾਰਾਂ ਨੇ ਸਾਡੇ ਪਿੰਡ ਲਈ ਕੁੱਝ ਨਹੀਂ ਕੀਤਾ, ਭਾਵੇਂ ਉਹ ਵਿਕਾਸ ਕਾਰਜ ਹੋਣ ਹੋਵੇ ਜਾਂ ਹੜ੍ਹਾਂ ਨੂੰ ਰੋਕਣ ਲਈ ਉਪਰਾਲੇ।’’
ਦੇਵੀਗੜ੍ਹ ਦੇ ਭਾਜਪਾ ਵਰਕਰ ਪਤਸਾ ਰਾਮ ਨੇ ਮਾੜੀਆਂ ਨਾਗਰਿਕ ਸਹੂਲਤਾਂ ਵੱਲ ਇਸ਼ਾਰਾ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ “ਦੇਵੀਗੜ੍ਹ ਨੂੰ ਕਸਬੇ ਨਾਲ ਜੋੜਨ ਵਾਲਾ ਪੁਲ ਖ਼ਤਰਨਾਕ ਹਾਲਤ ਵਿੱਚ ਹੈ। ਸੀਵਰੇਜ ਸਿਸਟਮ ਬੰਦ ਹੈ, ਪੀਣ ਵਾਲਾ ਪਾਣੀ ਇੱਕ ਤਾਂ ਦੂਰ ਦੀ ਗੱਲ ਹੈ ਅਤੇ ਵਸਨੀਕ ਮਾੜੇ ਹਾਲਾਤਾਂ ਵਿਚ। ਪਠਾਣਮਾਜਰਾ ਨੇ ਹਲਕੇ ਦੇ ਵਿਕਾਸ ਲਈ ਬਹੁਤ ਘੱਟ ਕੰਮ ਕੀਤਾ ਹੈ।’’