ਸੌ ਕਰੋੜ ਦੀ ਧੋਖਾਧੜੀ: ਨਿਵੇਸ਼ਕਾਂ ਨੇ ਕੰਪਨੀ ਦਾ ਦਫ਼ਤਰ ਘੇਰਿਆ
ਇੱਥੇ ਕਮਰਸ਼ੀਅਲ ਕੰਪਲੈਕਸ ਦੇ ਨਾਂ ’ਤੇ 277 ਲੋਕਾਂ ਕੋਲੋਂ 100 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਨਿਵੇਸ਼ਕਾਂ ਨੇ ਅੱਜ ਵਾਈ ਬੀ ਜੀ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਪੁਲੀਸ ਨੇ ਇਸ ਕੰਪਨੀ ’ਤੇ ਲੱਗੇ ਦੋਸ਼ਾਂ ਦੀ ਛੇ ਮਹੀਨੇ ਜਾਂਚ ਕਰਨ ਮਗਰੋਂ ਕੱਲ੍ਹ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲੀਸ ਨੇ ਇਸ ਕੇਸ ਵਿੱਚ ਵਾਈ ਬੀ ਜੀ ਕੰਪਨੀ ਦੇ ਡਾਇਰੈਕਟਰ ਗੁਰਜੀਤ ਗਰੇਵਾਲ, ਅੰਜਨਾ ਗਰੇਵਾਲ ਤੇ ਉਨ੍ਹਾਂ ਦੀ ਕੰਪਨੀ ਦੇ ਮੈਨੇਜਰ ਰਾਜਵੀਰ ਕੌਰ ਨੂੰ ਨਾਮਜ਼ਦ ਕੀਤਾ ਹੈ। ਇਸ ਕੰਪਨੀ ਵਿੱਚ ਨਿਵੇਸ਼ ਕਰਨ ਵਾਲਿਆਂ ਨੇ ਅੱਜ ਫੁੱਲਾਂਵਾਲ ਚੌਕ ਨੇੜੇ ਗ੍ਰੈਂਡ ਸਿਟੀ ਪਲਾਜ਼ਾ ਦੇ ਦਫ਼ਤਰ ਅੱਗੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ। 277 ਲੋਕਾਂ ਨੇ ਦੋਸ਼ ਲਾਇਆ ਹੈ ਕਿ ਇਸ ਕੰਪਨੀ ਨੇ ਉਨ੍ਹਾਂ ਨਾਲ 100 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ। ਪ੍ਰਦਰਸ਼ਨਕਾਰੀਆਂ ਨੇ ਕੰਪਨੀ ਦੇ ਡਾਇਰੈਕਟਰਾਂ ’ਤੇ ਧੋਖਾਧੜੀ ਦੇ ਦੋਸ਼ ਲਾਏ ਸਨ। ਕੇਸ ਦਰਜ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ ਡਾਇਰੈਕਟਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਵਾਈ ਬੀ ਜੀ ਕੰਪਨੀ ਦੇ ਡਾਇਰੈਕਟਰਾਂ ਦਾ ਦਫ਼ਤਰ ਫੁੱਲਾਂਵਾਲ ਚੌਕ ਕੋਲ ਕੀਜ਼ ਹੋਟਲ ਦੇ ਨੇੜੇ ਹੈ। ਧੋਖਾਧੜੀ ਦੇ ਮਾਮਲੇ ਵਿੱਚ ਨਾਮਜ਼ਦ ਗੁਰਜੀਤ ਸਿੰਘ ਗਰੇਵਾਲ ਕੰਪਨੀ ਵਿੱਚ ਪੰਜਾਹ ਫ਼ੀਸਦੀ ਹਿੱਸੇਦਾਰੀ ਦੇ ਮਾਲਕ ਹਨ ਜਦੋਂਕਿ ਤਿੰਨ ਹੋਰ ਵਿਅਕਤੀ ਪੰਜਾਹ ਫ਼ੀਸਦੀ ਹਿੱਸੇਦਾਰੀ ਦੇ ਮਾਲਕ ਹਨ। ਨਿਵੇਸ਼ਕਾਂ ਨੇ ਦੋਸ਼ ਲਗਾਇਆ ਕਿ ਕੰਪਲੈਕਸ ਦੀ ਉਸਾਰੀ 2012 ਵਿੱਚ ਸ਼ੁਰੂ ਹੋਈ ਸੀ।
ਮੁਲਜ਼ਮਾਂ ਨੇ 277 ਲੋਕਾਂ ਤੋਂ 100 ਕਰੋੜ ਤੋਂ ਵੱਧ ਪੈਸੇ ਇਕੱਠਾ ਕੀਤਾ। ਉਨ੍ਹਾਂ ਦਾਅਵਾ ਕੀਤਾ ਸੀ ਕਿ ਕੰਪਲੈਕਸ ਵਿੱਚ ਮਲਟੀ-ਸਿਨੇਮਾ, ਦੁਕਾਨਾਂ, ਦਫ਼ਤਰ ਅਤੇ ਰੈਸਤਰਾਂ ਸ਼ਾਮਲ ਹੋਣਗੇ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਡਾਇਰੈਕਟਰਾਂ ਨੇ ਨਿਵੇਸ਼ਕਾਂ ਦੇ ਪੈਸੇ ਵਾਪਸ ਕਰਨ ਦੀ ਬਜਾਇ ਸਿਰਫ਼ ਆਪਣੇ ਬਾਰੇ ਸੋਚਿਆ। ਮੁਲਜ਼ਮ ਗੁਰਜੀਤ ਸਿੰਘ ਗਰੇਵਾਲ ਦਾ ਬਾਕੀ ਹਿੱਸੇਦਾਰਾਂ ਨਾਲ ਰੌਲਾ ਪੈ ਗਿਆ ਤੇ ਉਹ ਆਪਣਾ ਦੋ ਫ਼ੀਸਦੀ ਹਿੱਸਾ ਵਧਾਉਣ ਲਈ ਲੱਗਿਆ ਰਿਹਾ ਜਦੋਂਕਿ ਬਾਕੀ ਤਿੰਨ ਹਿੱਸੇਦਾਰ ਵੀ ਆਪਸੀ ਲੜਾਈ ਵਿੱਚ ਲੱਗੇ ਰਹੇ। ਨਿਵੇਸ਼ਕਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਕੋਲੋਂ ਪੂਰੇ ਪੈਸੇ ਲੈਣ ਦੇ ਬਾਵਜੂਦ ਉਸਾਰੀ ਦਾ ਕੰਮ ਹਾਲੇ ਵੀ ਪੂਰਾ ਨਹੀਂ ਹੋਇਆ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਵਾਈ ਬੀ ਜੀ ਦੇ ਡਾਇਰੈਕਟਰਾਂ ਨੇ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਪਰ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਸੀ।
ਨਿਵੇਸ਼ਕਾਂ ਨੇ ਦੋਸ਼ ਲਗਾਇਆ ਕਿ ਗੁਰਜੀਤ ਗਰੇਵਾਲ ਨੇ ਆਪਣੇ ਕਲਰਕ ਦੇ ਨਾਮ ’ਤੇ ਜਾਇਦਾਦ ਰਜਿਸਟਰ ਕਰਵਾ ਕੇ ਉਨ੍ਹਾਂ ਨਾਲ ਧੋਖਾਧੜੀ ਕੀਤੀ। ਇਸ ਸਬੰਧੀ ਜਦੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਤਾਂ ਐੱਨ ਆਰ ਆਈ ਗੁਰਜੀਤ ਸਿੰਘ ਗਰੇਵਾਲ ਵਿਦੇਸ਼ ਚਲਾ ਗਿਆ। ਨਿਵੇਸ਼ਕਾਂ ਨੇ ਮੰਗ ਕੀਤੀ ਕਿ ਕੰਪਲੈਕਸ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ ਜਿਨ੍ਹਾਂ ਖ਼ਰੀਦਦਾਰਾਂ ਨੇ ਪੈਸੇ ਦੇ ਦਿੱਤੇ ਹਨ, ਉਨ੍ਹਾਂ ਦੀ ਰਜਿਸਟਰੀ ਕਰਵਾਈ ਜਾਵੇ।
