ਅੱਗ ਲੱਗਣ ਕਾਰਨ ਤਿੰਨ ਬੱਚਿਆਂ ਸਣੇ ਚਾਰ ਝੁਲਸੇ
ਗਗਨਦੀਪ ਅਰੋੜਾ
ਇਥੇ ਨੀਚੀ ਮੰਗਲੀ ਦੇ ਘਰ ’ਚ ਖਾਣਾ ਪਕਾਉਂਦੇ ਸਮੇਂ ਗੈਸ ਪਾਈਪ ਲੀਕ ਹੋਣ ਕਾਰਨ ਅੱਗ ਲੱਗ ਗਈ। ਘਰ ਵਿੱਚ ਤੇਜ਼ੀ ਨਾਲ ਅੱਗ ਫੈਲਣ ਕਾਰਨ ਤਿੰਨ ਬੱਚਿਆਂ ਸਣੇ ਚਾਰ ਜਣੇ ਝੁਲਸ ਗਏ। ਇਸ ਬਾਰੇ ਪਤਾ ਲੱਗਣ ’ਤੇ ਆਸਪਾਸ ਦੇ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਾ ਮਿਲੀ। ਉਨ੍ਹਾਂ ਕਿਸੇ ਤਰ੍ਹਾਂ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਤੇ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ ਵਿੱਚ ਇਲਾਜ ਅਧੀਨ ਜ਼ਖ਼ਮੀਆਂ ਦੀ ਪਛਾਣ ਵਿਕਾਸ ਸਣੇ ਤਿੰਨ ਬੱਚਿਆਂ ਅਰਜੁਨ, ਸੁਰਜੀਤ ਤੇ ਰਾਹੁਲ ਵਜੋਂ ਹੋਈ ਹੈ। ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਤਿੰਨਾਂ ਦੇ ਮੂੰਹ ਅਤੇ ਸਰੀਰ ਝੁਲਸ ਗਏ ਹਨ। ਸੂਚਨਾ ਮਿਲਣ ਮਗਰੋਂ ਸਾਹਨੇਵਾਲ ਥਾਣੇ ਦੀ ਪੁਲੀਸ ਟੀਮ ਘਟਨਾ ਸਥਾਨ ’ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ਖਮੀ ਬੱਚਿਆਂ ਦੀ ਮਾਂ ਗੁੱਡੀ ਨੇ ਕਿਹਾ ਕਿ ਉਹ ਨੀਚੀ ਮੰਗਲੀ ਵਿੱਚ ਰਹਿੰਦੀ ਹੈ। ਵਿਕਾਸ ਵੀ ਉਸ ਦੇ ਨਾਲ ਹੀ ਕਮਰੇ ’ਚ ਰਹਿੰਦਾ ਹੈ। ਸ਼ੁੱਕਰਵਾਰ ਨੂੰ ਵਿਕਾਸ ਆਪਣੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ, ਤਿੰਨੇ ਬੱਚੇ ਵੀ ਅੰਦਰ ਹੀ ਬੈਠੇ ਸਨ। ਇਸ ਦੌਰਾਨ ਗੈਸ ਵਾਲੀ ਪਾਈਪ ਲੀਕ ਹੋਣ ਕਾਰਨ ਅੱਗ ਲੱਗ ਗਈ ਤੇ ਧਮਾਕਾ ਹੋ ਗਿਆ।
ਉਸ ਨੇ ਦੱਸਿਆ ਕਿ ਬੱਚਿਆਂ ਦੀ ਰੋਣ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ। ਉਨ੍ਹਾਂ ਸਾਰਿਆਂ ਨੂੰ ਬਾਹਰ ਕੱਢਿਆ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਹਸਪਤਾਲ ਵਿੱਚ ਦਾਖ਼ਲ ਵਿਕਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਆਪਣੇ ਕਮਰੇ ਵਿੱਚ ਖਾਣਾ ਬਣਾ ਰਿਹਾ ਸੀ ਤੇ ਅਰਜੁਨ, ਸੁਰਜੀਤ ਅਤੇ ਰਾਹੁਲ ਉਸ ਕੋਲ ਬੈਠੇ ਸਨ। ਉਸ ਨੇ ਜਿਵੇਂ ਹੀ ਗੈਸ ਬਾਲਣ ਦੀ ਕੋਸ਼ਿਸ਼ ਕੀਤੀ ਤਾਂ ਅਚਾਨਕ ਅੱਗ ਲੱਗ ਗਈ।
ਇਸ ਕਾਰਨ ਵਿਕਾਸ ਦਾ ਝੁਲਸ ਗਿਆ ਜਦੋਂਕਿ ਚਾਰ ਸਾਲਾਂ ਦੇ ਰਾਹੁਲ ਦੀਆਂ ਲੱਤਾਂ ਸੜ ਗਈਆਂ ਤੇ ਬਾਕੀਆਂ ਦੇ ਹੱਥ ਅਤੇ ਮੂੰਹ ਸੜ ਗਏ ਹਨ। ਵਿਕਾਸ ਨੇ ਦੱਸਿਆ ਕਿ ਉਹ ਦੋ ਸਾਲਾਂ ਤੋਂ ਲੁਧਿਆਣਾ ਵਿੱਚ ਪਲਾਸਟਿਕ ਫੈਕਟਰੀ ਵਿੱਚ ਕੰਮ ਕਰਦਾ ਹੈ। ਸਿਵਲ ਹਸਪਤਾਲ ਦੇ ਐੱਸ ਐੱਮ ਓ ਅਖਿਲ ਸਰੀਨ ਨੇ ਕਿਹਾ ਕਿ ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।
