ਪੁਲੀਸ ਮੁਕਾਬਲੇ ’ਚ ਦਾਸੂਵਾਲ ਗਰੋਹ ਦੇ ਚਾਰ ਮੈਂਬਰ ਜ਼ਖ਼ਮੀ
ਜ਼ਿਲ੍ਹਾ ਤਰਨ ਤਾਰਨ ਪੁਲੀਸ ਨੇ ਗੈਂਗਸਟਰਾਂ ਖ਼ਿਲਾਫ਼ ਕਰਵਾਈ ਕਰਦਿਆਂ ਥਾਣਾ ਸਦਰ ਪੱਟੀ ਦੇ ਪਿੰਡ ਦਾਸੂਵਾਲ ਕੋਲੋਂ ਪੁਲੀਸ ਮੁਕਾਬਲੇ ਵਿੱਚ ਨਾਮੀ ਪ੍ਰਭ ਦਾਸੂਵਾਲ ਗਰੋਹ ਦੇ ਚਾਰ ਮੈਂਬਰਾਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਤਰਨ ਤਾਰਨ ’ਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਕੋਲੋਂ ਦੋ ਰਾਈਫਲਾਂ, ਇਕ ਪਿਸਤੌਲ ਤੇ ਤਿੰਨ ਮੈਗਜ਼ੀਨ ਬਰਾਮਦ ਕੀਤੇ ਗਏ ਹਨ| ਜ਼ਿਲ੍ਹਾ ਪੁਲੀਸ ਮੁਖੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਪ੍ਰਭ ਦਾਸੂਵਾਲ ਦੇ ਸਾਥੀਆਂ ਨੇ ਅੱਜ ਪਹਿਲਾਂ ਭਿੱਖੀਵਿੰਡ ਦੇ ਡਾ. ਚੋਪੜਾ ਦੇ ਘਰ ’ਤੇ ਗੋਲੀਆਂ ਚਲਾਈਆਂ| ਡਾ. ਚੋਪੜਾ ਨੇ ਪ੍ਰਭ ਦਾਸੂਵਾਲ ਨੂੰ ਫ਼ਿਰੌਤੀ ਦੇਣ ਤੋਂ ਇਨਕਾਰ ਕੀਤਾ ਸੀ| ਇਸ ਤੋਂ ਬਾਅਦ ਉਨ੍ਹਾਂ ਨੇ ਸੇਂਟ ਕਰੀਬ ਸਕੂਲ ਦਾਸੂਵਾਲ ’ਤੇ ਗੋਲੀਆਂ ਚਲਾਈਆਂ ਅਤੇ ਉਹ ਗੋਲੀਆਂ ਚਲਾਉਣ ਉਪਰੰਤ ਪ੍ਰਭ ਦਾਸੂਵਾਲ ਦੇ ਕਰੀਬੀ ਰਿਸ਼ਤੇਦਾਰ ਗੁਰਸਾਹਿਬ ਸਿੰਘ ਵਾਸੀ ਦਾਸੂਵਾਲ ਦੇ ਘਰ ਅੰਦਰ ਜਾ ਲੁਕੇ| ਪੁਲੀਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ ਅਤੇ ਆਤਮ-ਸਮਰਪਣ ਕਰਨ ਲਈ ਆਖਿਆ ਪਰ ਉਨ੍ਹਾਂ ਪੁਲੀਸ ’ਤੇ ਗੋਲੀਆਂ ਚਲਾ ਦਿੱਤੀਆਂ| ਪੁਲੀਸ ਦੀ ਜਵਾਬੀ ਗੋਲੀ ਵਿੱਚ ਚਾਰ ਜਣੇ ਜ਼ਖ਼ਮੀ ਹੋ ਗਏ| ਐੱਸ ਐੱਸ ਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਰਣਦੀਪ ਸਿੰਘ ਵਾਸੀ ਜੰਡ, ਗੁਰਜੰਟ ਸਿੰਘ ਵਾਸੀ ਜੌਨੇਕੇ, ਮਲਕੀਤ ਸਿੰਘ ਅਤੇ ਜਗਸੀਰ ਸਿੰਘ ਵਾਸੀਆਨ ਦਾਸੂਵਾਲ ਵਜੋਂ ਹੋਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਜਗਸੀਰ ਸਿੰਘ ਦੀ ਮਾਤਾ ਸੁਖਵਿੰਦਰ ਕੌਰ ਆਮ ਆਦਮੀ ਪਾਰਟੀ ਵਲੋਂ ਪਿੰਡ ਦੀ ਸਰਪੰਚ ਹੈ| ਪੁਲੀਸ ਅਨੁਸਾਰ ਜ਼ਖ਼ਮੀ ਹੋਏ ਚਾਰ ਮੁਲਜ਼ਮਾਂ ਦੇ ਦੋ ਹੋਰ ਸਾਥੀ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਫ਼ਰਾਰ ਹੋਏ ਮੁਲਜ਼ਮਾਂ ਦੀ ਗਿਣਤੀ ਵੱਧ ਵੀ ਹੋ ਸਕਦੀ ਹੈ। ਇਸ ਸਬੰਧੀ ਥਾਣਾ ਪੱਟੀ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ|