ਮੁਕਾਬਲੇ ਮਗਰੋਂ ਬਿਸ਼ਨੋਈ ਗਰੋਹ ਦੇ ਚਾਰ ਮੈਂਬਰ ਗ੍ਰਿਫ਼ਤਾਰ
ਐਂਟੀ-ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਅਤੇ ਐੱਸ ਏ ਐੱਸ ਨਗਰ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਲਾਰੈਂਸ ਬਿਸ਼ਨੋਈ ਗਰੋਹ ਦੇ ਗੈਂਗਸਟਰ ਗੋਲਡੀ ਢਿੱਲੋਂ ਦੇ ਚਾਰ ਕਾਰਕੁਨ ਗ੍ਰਿਫ਼ਤਾਰ ਕੀਤੇ ਹਨ। ਇਹ ਗ੍ਰਿਫ਼ਤਾਰੀ ਅੱਜ ਦੁਪਹਿਰ ਡੇਰਾਬੱਸੀ-ਅੰਬਾਲਾ ਹਾਈਵੇਅ ’ਤੇ ਸਟੀਲ ਸਟ੍ਰਿਪਸ ਟਾਵਰਾਂ ਨੇੜੇ ਹੋਏ ਪੁਲੀਸ ਮੁਕਾਬਲੇ ਤੋਂ ਬਾਅਦ ਹੋਈ। ਮੁਲਜ਼ਮਾਂ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਭੋਲਾ, ਲਖਵਿੰਦਰ ਸਿੰਘ (ਦੋਵੇਂ ਢਕਾਂਸੂ ਕਲਾਂ, ਰਾਜਪੁਰਾ), ਮੁਹੰਮਦ ਸਮੀਰ ਅਤੇ ਰੋਹਿਤ ਸ਼ਰਮਾ (ਦੋਵੇਂ ਰਾਜਪੁਰਾ) ਵਜੋਂ ਹੋਈ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਪੁਲੀਸ ਨੇ ਵੱਡੀ ਸਾਜ਼ਿਸ਼ ਨਾਕਾਮ ਕਰਦਿਆਂ ਮੁਲਜ਼ਮਾਂ ਕੋਲੋਂ 7 ਪਿਸਤੌਲ ਅਤੇ 70 ਕਾਰਤੂਸ ਬਰਾਮਦ ਕੀਤੇ ਹਨ।
ਏ ਜੀ ਟੀ ਐੱਫ ਦੇ ਏ ਡੀ ਜੀ ਪੀ ਪ੍ਰਮੋਦ ਬਾਨ ਨੇ ਦੱਸਿਆ ਕਿ ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠਲੀ ਟੀਮ ਨੇ ਜਦੋਂ ਡੇਰਾਬੱਸੀ-ਅੰਬਾਲਾ ਹਾਈਵੇਅ ਨੇੜੇ ਮੁਲਜ਼ਮਾਂ ਨੂੰ ਘੇਰਿਆ ਤਾਂ ਉਨ੍ਹਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਹੌਲਦਾਰ ਗਗਨਦੀਪ ਸਿੰਘ ਅਤੇ ਸਿਪਾਹੀ ਗੁਲਾਬ ਸਿੰਘ ਦੀਆਂ ਬੁਲੇਟਪਰੂਫ ਜੈਕੇਟਾਂ ’ਤੇ ਗੋਲੀਆਂ ਵੱਜੀਆਂ। ਪੁਲੀਸ ਦੀ ਜਵਾਬੀ ਕਾਰਵਾਈ ਵਿੱਚ ਹਰਵਿੰਦਰ ਸਿੰਘ ਅਤੇ ਮੁਹੰਮਦ ਸਮੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸਾਥੀਆਂ ਸਮੇਤ ਕਾਬੂ ਕਰ ਲਿਆ ਗਿਆ।
ਐੱਸ ਐੱਸ ਪੀ ਹਰਮਨਦੀਪ ਹਾਂਸ ਨੇ ਦੱਸਿਆ ਕਿ ਮੁਲਜ਼ਮ ਵਿਦੇਸ਼ ਬੈਠੇ ਹੈਂਡਲਰਾਂ ਦੇ ਇਸ਼ਾਰੇ ’ਤੇ ਟ੍ਰਾਈਸਿਟੀ ਅਤੇ ਪਟਿਆਲਾ ਖੇਤਰ ਵਿੱਚ ਮਿੱਥ ਕੇ ਹਮਲੇ ਕਰਨ ਦੀ ਸਾਜ਼ਿਸ਼ ਰਚ ਰਹੇ ਸਨ। ਇਨ੍ਹਾਂ ਖ਼ਿਲਾਫ਼ ਥਾਣਾ ਡੇਰਾਬੱਸੀ ਵਿੱਚ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਲ ਹੀ ਵਿੱਚ ਇਸੇ ਗਰੋਹ ਦੇ ਦੋ ਹੋਰ ਮੈਂਬਰਾਂ ਨੂੰ ਵੀ ਪਿੰਡ ਭਾਂਖਰਪੁਰ ਨੇੜੇ ਮੁਕਾਬਲੇ ਮਗਰੋਂ ਕਾਬੂ ਕੀਤਾ ਗਿਆ ਸੀ।
