ਬੰਬੀਹਾ ਗਰੋਹ ਦੇ ਚਾਰ ਗੁਰਗੇ ਬਰਨਾਲਾ ਤੋਂ ਹਥਿਆਰਾਂ ਸਮੇਤ ਕਾਬੂ
ਪੰਜਾਬ ਦੇ ਬਰਨਾਲਾ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਚਾਰ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਪਿਸਤੌਲ ਬਰਾਮਦ ਕੀਤੇ ਗਏ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਸਤਨਾਮ ਸਿੰਘ ਉਰਫ਼ ਸੱਤੀ, ਗੁਰਪ੍ਰੀਤ ਉਰਫ਼ ਗੁਰੀ, ਸਰਮ ਸਿੰਘ ਉਰਫ਼ ਰਿੰਕੂ ਅਤੇ ਦੀਪਕ ਸਿੰਘ ਇੱਕ ਵੱਡੀ ਡਕੈਤੀ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਘੜ ਰਹੇ ਸਨ।
ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਇੱਕ ਨਾਕੇ ਉੱਤੇ ਮੁਲਜ਼ਮਾਂ ਨੇ ਪੁਲੀਸ ਪਾਰਟੀ ’ਤੇ ਗੋਲੀਬਾਰੀ ਕੀਤੀ। ਪੁਲੀਸ ਮੁਲਾਜ਼ਮਾਂ ਨੇ ਹਮਲਾਵਰਾਂ ਨੂੰ ਕਾਬੂ ਕਰ ਕੇ ਗ੍ਰਿਫ਼ਤਾਰ ਕਰ ਲਿਆ।’’ ਉਨ੍ਹਾਂ ਕਿਹਾ, ‘‘ਮੁਲਜ਼ਮਾਂ ਕੋਲੋਂ 4 ਹਥਿਆਰ: 1 ਜ਼ਿਗਾਨਾ ਪਿਸਤੌਲ, 3 ਪਿਸਤੌਲ (.30 ਅਤੇ .32 ਬੋਰ) ਜ਼ਿੰਦਾ ਕਾਰਤੂਸਾਂ ਦੇ ਨਾਲ ਬਰਾਮਦ ਕੀਤੇ ਹਨ।’’ ਸਤਨਾਮ ਇੱਕ ਆਦਤਨ ਅਪਰਾਧੀ ਹੈ ਜਿਸ ’ਤੇ ਕਤਲ, ਇਰਾਦਾ ਕਤਲ, ਅਸਲਾ ਐਕਟ ਅਤੇ ਐੱਨਡੀਪੀਸੀ ਐਕਟ ਸਮੇਤ 22 ਤੋਂ ਵੱਧ ਕੇਸ ਦਰਜ ਹਨ। ਡੀਜੀਪੀ ਨੇ ਕਿਹਾ ਕਿ ਸਾਰਮ ਸਿੰਘ ਅਤੇ ਦੀਪਕ ਸਿੰਘ ਵੀ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਜੁੜੇ ਹੋਏ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ, ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ। -ਪੀਟੀਆਈ