ਘਰ ’ਚ ਅੱਗ ਲੱਗਣ ਕਾਰਨ ਪਰਿਵਾਰ ਦੇ ਚਾਰ ਜੀਆਂ ਦੀ ਮੌਤ
ਗੁਆਂਢੀਆਂ ਅਨੁਸਾਰ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਕਾਫ਼ੀ ਦੇਰ ਬਾਅਦ ਪਤਾ ਲੱਗਾ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਕਮਰੇ ਦੇ ਅੰਦਰੋਂ ਕਿਸੇ ਦੇ ਚੀਕਣ ਦੀ ਆਵਾਜ਼ ਨਹੀਂ ਸੁਣਾਈ ਦਿੱਤੀ। ਚਾਰੇ ਜਣੇ ਇੱਕ ਹੀ ਕਮਰੇ ਵਿੱਚ ਸਨ, ਪਰ ਉਹ ਦਰਵਾਜ਼ੇ ਦਾ ਕੁੰਡਾ ਤੱਕ ਨਹੀਂ ਖੋਲ੍ਹ ਸਕੇ, ਜਿਸ ਕਾਰਨ ਘਟਨਾ ਦੇ ਕਾਰਨਾਂ ’ਤੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੋ ਰਹੇ ਹਨ।
ਕਪੂਰਥਲਾ ਵਿੱਚ ਕੰਮ ਕਰਦੇ ਜਗਦੀਸ਼ ਚੌਹਾਨ ਦੇ ਵੱਡੇ ਪੁੱਤਰ ਮਿਥਲੇਸ਼ ਚੌਹਾਨ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਰਾਤ ਨੂੰ ਮੋਬਾਈਲ ਚਾਰਜਰ ’ਚੋਂ ਨਿਕਲੀ ਚੰਗਿਆੜੀ ਕਾਰਨ ਕੋਲ ਪਏ ਸਿਲੰਡਰ ਦੀ ਲੀਕ ਹੋ ਰਹੀ ਗੈਸ ਨੇ ਅੱਗ ਫੜ ਲਈ, ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ।
ਥਾਣਾ ਸਿਟੀ ਦੇ ਮੁੱਖ ਅਫਸਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲੀਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚੀਆਂ। ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਚਾਰਾਂ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਮਿਥਲੇਸ਼ ਦੇ ਬਿਆਨਾਂ ਦੇ ਆਧਾਰ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।