ਪਠਾਣਮਾਜਰਾ ਨੂੰ ਭਜਾਉਣ ਦੇ ਮਾਮਲੇ ’ਚ 11 ਮੁਲਜ਼ਮਾਂ ਦਾ ਚਾਰ ਰੋਜ਼ਾ ਪੁਲੀਸ ਰਿਮਾਂਡ
ਗੁਰਨਾਮ ਸਿੰਘ ਅਕੀਦਾ
ਆਮ ਆਦਮੀ ਪਾਰਟੀ ਦੇ ਬਾਗ਼ੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਭਜਾਉਣ ਦੇ ਮਾਮਲੇ ਵਿੱਚ ਪਟਿਆਲਾ ਪੁਲੀਸ ਨੇ 15 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਅੱਜ 11 ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕਰ ਕੇ ਉਨ੍ਹਾਂ ਦਾ ਚਾਰ ਰੋਜ਼ਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ। ਬਚਾਅ ਪੱਖ ਦੇ ਵਕੀਲ ਸਿਮਰਨਜੀਤ ਸਿੰਘ ਸੱਗੂ ਨੇ ਦੱਸਿਆ ਕਿ ਲੰਘੇ ਕੱਲ੍ਹ 3 ਸਤੰਬਰ 2025 ਨੂੰ ਥਾਣਾ ਸਿਵਲ ਲਾਈਨਜ਼ ਵਿੱਚ ਆਰਮਜ਼ ਐਕਟ ਦੀ ਧਾਰਾ 25/27, ਬੀ ਐੱਨ ਐੱਸ ਦੀ ਧਾਰਾ 253 ਅਤੇ ਹੋਰ ਕੁਝ ਧਾਰਾਵਾਂ ਤਹਿਤ ਐੱਫਆਈਆਰ ਨੰਬਰ 174 ਦਰਜ ਕੀਤੀ ਗਈ ਸੀ। ਇਸ ਤਹਿਤ ਨਾਮਜ਼ਦ ਮੁਲਜ਼ਮਾਂ ਵਿੱਚ ਕੁਝ ਪੰਜਾਬ ਦੇ ਬੰਦੇ ਹਨ। ਮੁਲਜ਼ਮਾਂ ਵਿੱਚ ਹਰਮੀਤ ਸਿੰਘ ਪਠਾਣਮਾਜਰਾ ਦਾ ਮੀਡੀਆ ਸਲਾਹਕਾਰ ਮੋਹਿਤ ਵੀ ਸ਼ਾਮਲ ਹੈ ਜੋ ਕਿ ਹਰਿਆਣਾ ਦੇ ਰੋਹਤਕ ਦਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਮਨੀਸ਼, ਸੁਖਦੇਵ ਤੇ ਗੁਰਮੀਤ ਆਦਿ ਦੇ ਨਾਮ ਵੀ ਐੱਫਆਈਆਰ ਵਿੱਚ ਸ਼ਾਮਲ ਹਨ। ਇਸ ਸਬੰਧ ਵਿੱਚ ਗ੍ਰਿਫ਼ਤਾਰ ਕੀਤੇ ਗਏ ਅੱਠ ਵਿਅਕਤੀ ਡਬਰੀ ਪਿੰਡ ਦੇ ਹਨ। ਪੁਲੀਸ ਦਾ ਕਹਿਣਾ ਸੀ ਕਿ ਇਨ੍ਹਾਂ ਵਿਅਕਤੀਆਂ ਨੇ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਨਾਹ ਦਿੱਤੀ ਹੈ ਅਤੇ ਵਿਧਾਇਕ ਨੂੰ ਭਜਾਉਣ ਵਿੱਚ ਮਦਦ ਕੀਤੀ ਹੈ।
ਇਸ ਤੋਂ ਇਲਾਵਾ ਇਨ੍ਹਾਂ ਨੇ ਹਥਿਆਰਾਂ ਦੀ ਵਰਤੋਂ ਵੀ ਕੀਤੀ। ਪੁਲੀਸ ਨੇ ਕਿਹਾ ਕਿ ਮੁਲਜ਼ਮਾਂ ਕੋਲੋਂ ਵਿਧਾਇਕ ਪਠਾਣਮਾਜਰਾ ਦੇ ਟਿਕਾਣਿਆਂ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਰਿਮਾਂਡ ਦੀ ਲੋੜ ਹੋਵੇਗੀ। ਡਿਊਟੀ ਮੈਜਿਸਟਰੇਟ ਜੇ ਐੱਮ ਆਈ ਸੀ ਪਟਿਆਲਾ ਬਿਕਰਮਜੀਤ ਸਿੰਘ ਨੇ ਪੁਲੀਸ ਦੀਆਂ ਦਲੀਲਾਂ ’ਤੇ ਸਹਿਮਤ ਹੁੰਦਿਆਂ ਮੁਲਜ਼ਮਾਂ ਦਾ ਚਾਰ ਰੋਜ਼ਾ ਰਿਮਾਂਡ ਦੇ ਦਿੱਤਾ।
ਵਿਧਾਇਕ ਪਠਾਣਮਾਜਰਾ ਦੇ ਸੋਸ਼ਲ ਮੀਡੀਆ ਖਾਤੇ ਬੰਦ
ਪੁਲੀਸ ਅਜੇ ਤੱਕ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦਾ ਥਹੁ-ਪਤਾ ਨਹੀਂ ਲਗਾ ਸਕੀ ਹੈ। ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਕੱਲ੍ਹ ਸ਼ਾਮ ਪੰਜਾਬ ਪੁਲੀਸ ਨੇ ਕਰਨਾਲ ਦੇ ਸਦਰ ਥਾਣੇ ਵਿੱਚ ਵਿਧਾਇਕ ਪਠਾਣਮਾਜਰਾ ਅਤੇ ਪਠਾਣਮਾਜਰਾ ਦੇ ਰਿਸ਼ਤੇਦਾਰ ਅਤੇ ਡਬਰੀ ਦੇ ਵਸਨੀਕ ਗੁਰਨਾਮ ਲਾਡੀ ਖ਼ਿਲਾਫ਼ ਸਰਕਾਰੀ ਕੰਮ ਵਿੱਚ ਅੜਿੱਕਾ ਡਾਹੁਣ, ਪੁਲੀਸ ਪਾਰਟੀ ’ਤੇ ਗੋਲੀਬਾਰੀ ਤੇ ਪਥਰਾਅ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ। ਦੂਜੇ ਪਾਸੇ, ਹਰਮੀਤ ਸਿੰਘ ਪਠਾਣਮਾਜਰਾ ਦੇ ਸਾਰੇ ਸੋਸ਼ਲ ਮੀਡੀਆ ਖਾਤੇ ਬੰਦ ਕਰ ਦਿੱਤੇ ਗਏ ਹਨ। ਹੁਣ ਪਠਾਣਮਾਜਰਾ ਕੋਈ ਵੀਡੀਓ ਜਾਂ ਹੋਰ ਜਾਣਕਾਰੀ ਸੋਸ਼ਲ ਮੀਡੀਆ ’ਤੇ ਪੋਸਟ ਨਹੀਂ ਕਰ ਸਕੇਗਾ।
ਪਠਾਣਮਾਜਰਾ ਦੀ ਜ਼ਮਾਨਤ ’ਤੇ ਸੁਣਵਾਈ ਅੱਜ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਵਕੀਲ ਬਿਕਰਮਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਵਿਧਾਇਕ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਮਾਣਯੋਗ ਵਧੀਕ ਸੈਸ਼ਨ ਜੱਜ (ਮਹਿਲਾਵਾਂ ਖ਼ਿਲਾਫ਼ ਅਪਰਾਧ) ਨਵਜੋਤ ਕੌਰ ਦੀ ਅਦਾਲਤ ਵਿੱਚ ਲੱਗੀ ਹੈ, ਜਿਸ ਦੀ ਸੁਣਵਾਈ 5 ਸਤੰਬਰ ਨੂੰ ਹੋਵੇਗੀ।