ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਾਰ ਕਿਲੋ ਹੈਰੋਇਨ ਸਣੇ ਚਾਰ ਕਾਬੂ

ਮੁਲਜ਼ਮਾਂ ਕੋਲੋਂ 3.90 ਲੱਖ ਰੁਪਏ ਅਤੇ ਪਿਸਤੌਲ ਬਰਾਮਦ
Advertisement

ਕਾਊਂਟਰ ਇੰਟੈਲੀਜੈਂਸ (ਸੀ ਆਈ) ਅੰਮ੍ਰਿਤਸਰ ਪੁਲੀਸ ਨੇ ਵਿਦੇਸ਼ ਆਧਾਰਿਤ ਨਸ਼ਾ ਤਸਕਰ ਮੌਡਿਊਲ ਦੇ ਚਾਰ ਮੈਂਬਰਾਂ ਨੂੰ 4 ਕਿਲੋ ਹੈਰੋਇਨ, 3.90 ਲੱਖ ਰੁਪਏ ਦੀ ਡਰੱਗ ਮਨੀ ਅਤੇ 32 ਬੋਰ ਪਿਸਤੌਲ, ਮੈਗਜ਼ੀਨ ਤੇ ਪੰਜ ਕਾਰਤੂਸਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਯੁਵਰਾਜ ਸਿੰਘ ਵਾਸੀ ਪਿੰਡ ਰੋੜੀਵਾਲ, ਵਰਿੰਦਰ ਸਿੰਘ ਵਾਸੀ ਧੌਲ ਕਲਾਂ, ਜਗਰੂਪ ਸਿੰਘ ਵਾਸੀ ਸਾਂਘਨਾ ਅਤੇ ਜੁਗਰਾਜ ਸਿੰਘ ਵਾਸੀ ਸਰਕਾਰੀਆ ਐਨਕਲੇਵ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਟੀਮ ਨੇ ਮੁਲਜ਼ਮਾਂ ਕੋਲੋਂ ਮੋਟਰਸਾਈਕਲ ਤੇ ਸਕੂਟਰ ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਵਰਤੋਂ ਉਹ ਨਸ਼ਾ ਤਸਕਰੀ ਲਈ ਕਰਦੇ ਸਨ। ਡੀ ਜੀ ਪੀ ਨੇ ਦੱਸਿਆ ਕਿ ਸੀ ਆਈ ਅੰਮ੍ਰਿਤਸਰ ਦੀ ਪੁਲੀਸ ਟੀਮ ਨੂੰ ਸੂਚਨਾ ਮਿਲੀ ਸੀ ਕਿ ਵਿਦੇਸ਼ੀ ਹੈਂਡਲਰ ਲਖਵਿੰਦਰ ਸਿੰਘ ਉਰਫ਼ ਬਾਬਾ ਲੱਖਾ ਦੇ ਸਾਥੀਆਂ ਯੁਵਰਾਜ ਤੇ ਵਰਿੰਦਰ ਨੇ ਅਜਨਾਲਾ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਹੈ ਅਤੇ ਉਹ ਖੇਪ ਨੂੰ ਅੰਮ੍ਰਿਤਸਰ ਦੇ ਜਗਰੂਪ ਸਿੰਘ ਨੂੰ ਦੇਣਗੇ। ਇਸ ਮਗਰੋਂ ਪੁਲੀਸ ਨੇ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਤੇ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਮੁਲਜ਼ਮ ਜਗਰੂਪ ਸਿੰਘ ਨੇ ਪੜਤਾਲ ਵਿੱਚ ਖੁਲਾਸਾ ਕੀਤਾ ਕਿ ਉਹ ਦਇਆ ਸਿੰਘ ਉਰਫ਼ ਪ੍ਰੀਤ ਸੇਖੋਂ, ਜੋ ਇਸ ਸਮੇਂ ਸ੍ਰੀ ਮੁਕਤਸਰ ਸਾਹਿਬ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਡੀ ਜੀ ਪੀ ਨੇ ਦੱਸਿਆ ਕਿ ਹੋਰ ਪੁੱਛ-ਪੜਤਾਲ ਦੌਰਾਨ ਗ੍ਰਿਫ਼ਤਾਰ ਕੀਤੇ ਯੁਵਰਾਜ ਅਤੇ ਵਰਿੰਦਰ ਨੇ ਆਪਣੇ ਇੱਕ ਹੋਰ ਸਾਥੀ ਜੁਗਰਾਜ ਸਿੰਘ ਬਾਰੇ ਖੁਲਾਸਾ ਕੀਤਾ, ਜਿਸ ਨੂੰ ਬਾਅਦ ਵਿੱਚ ਅੰਮ੍ਰਿਤਸਰ ਸਿਟੀ ਤੋਂ 3.90 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਥਾਣਾ ਐੱਸ ਐੱਸ ਓ ਸੀ ਅੰਮ੍ਰਿਤਸਰ ਵਿੱਚ ਕੇਸ ਦਰਜ ਕੀਤਾ ਗਿਆ ਹੈ।

Advertisement
Advertisement
Show comments