ਚਾਰ ਮੁਲਜ਼ਮ 12 ਕਿਲੋ ਹੈਰੋਇਨ ਸਣੇ ਕਾਬੂ
ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ 12 ਕਿਲੋ ਹੈਰੋਇਨ, ਪਿਸਤੌਲ ਤੇ ਮੈਗਜ਼ੀਨ ਬਰਾਮਦ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਪੁਲੀਸ ਨੇ ਇਸ ਮਾਮਲੇ ’ਚ ਪਹਿਲਾਂ 8.1 ਕਿਲੋ ਹੈਰੋਇਨ ਬਰਾਮਦ ਕੀਤੀ ਸੀ ਤੇ ਅਗਲੀ ਜਾਂਚ ਮਗਰੋਂ ਹੁਣ 12 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਹੈ। ਪੁਲੀਸ ਵੱਲੋਂ ਕਾਬੂ ਮੁਲਜ਼ਮਾਂ ਦੀ ਪਛਾਣ ਗੁਰਭੇਜ ਸਿੰਘ (50) ਤੇ ਉਸ ਦਾ ਪੁੱਤਰ ਗੁਰਦਿੱਤ ਸਿੰਘ (22), ਮਲਕੀਤ ਸਿੰਘ (50) ਤੇ ਗੁਰਜੀਤ ਸਿੰਘ (29) ਵਜੋਂ ਹੋਈ ਹੈ। ਡੀ ਜੀ ਪੀ ਨੇ ਦੱਸਿਆ ਕਿ ਇਹ ਕਾਰਵਾਈ ਪੁਲੀਸ ਨੇ ਪਹਿਲਾਂ ਗ੍ਰਿਫ਼ਤਾਰ ਨਸ਼ਾ ਤਸਕਰਾਂ ਸੋਨੀ ਸਿੰਘ, ਗੁਰਸੇਵਕ ਸਿੰਘ, ਵਿਸ਼ਾਲਦੀਪ ਸਿੰਘ, ਗੁਰਪ੍ਰੀਤ ਸਿੰਘ ਅਤੇ ਅਰਸ਼ਦੀਪ ਸਿੰਘ ਕੋਲੋਂ ਕੀਤੀ ਪੜਤਾਲ ਦੇ ਆਧਾਰ ’ਤੇ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਗ੍ਰਿਫ਼ਤਾਰੀਆਂ ਨਾਲ ਪਾਕਿਸਤਾਨ ਤੋਂ ਹੋ ਰਹੀ ਨਸ਼ਾ ਤਸਕਰੀ ਦਾ ਪਰਦਾਫ਼ਾਸ ਹੋਇਆ ਹੈ। ਇਹ ਸਾਰੇ ਮੁਲਜ਼ਮ ਪਾਕਿਸਤਾਨ ਦੇ ਤਸਕਰਾਂ ਨਾਲ ਵਟਸਐਪ ਰਾਹੀਂ ਗੱਲ ਕਰਦੇ ਸਨ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਦੀ ਸੰਭਾਵਨਾ ਹੈ। ਇਸ ਸਬੰਧੀ ਪੁਲੀਸ ਕਮਿਸ਼ਨਰ (ਸੀ ਪੀ) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁਲਜ਼ਮ ਗੁਰਭੇਜ ਸਿੰਘ ਸਰਹੱਦ ਦੇ ਨੇੜੇ ਸਥਿਤ ਮਲਕੀਤ ਸਿੰਘ ਦੀ ਖੇਤਾਂ ਵਿੱਚ ਡਰੋਨ ਰਾਹੀਂ ਭੇਜੀਆਂ ਖੇਪਾਂ ਪ੍ਰਾਪਤ ਕਰਦਾ ਸੀ। ਇਸ ਸਬੰਧੀ ਥਾਣਾ ਛੇਹਰਟਾ ਵਿੱਚ ਪਹਿਲਾਂ ਹੀ ਕੇਸ ਦਰਜ ਹੈ।