ਰੰਜਿਸ਼ ਕਾਰਨ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ
ਜਗਤਾਰ ਸਿੰਘ ਲਾਂਬਾ/ਰਣਬੀਰ ਸਿੰਘ ਮਿੰਟੂ
ਅੰਮ੍ਰਿਤਸਰ/ਚੇਤਨਪੁਰਾ, 8 ਜੁਲਾਈ
ਰਾਜਾਸਾਂਸੀ ਇਲਾਕੇ ਦੇ ਸ਼ਿਵਾ ਇਨਕਲੇਵ ਵਿੱਚ ਬੀਤੀ ਦੇਰ ਰਾਤ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਪਲਵਿੰਦਰ ਸਿੰਘ ਵਜੋਂ ਹੋਈ ਹੈ ਜੋ ਪਿੰਡ ਸੈਦਪੁਰ ਦਾ ਸਾਬਕਾ ਸਰਪੰਚ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸੀ। ਇਹ ਹੱਤਿਆ ਰੰਜਿਸ਼ ਕਾਰਨ ਕੀਤੀ ਗਈ ਦੱਸੀ ਗਈ ਹੈ। ਮੁੱਢਲੀ ਜਾਂਚ ਅਨੁਸਾਰ ਮੁਲਜ਼ਮ ਦੀ ਪਛਾਣ ਸ਼ੁਭਮ ਮਸੀਹ ਵਜੋਂ ਹੋਈ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਤਲ ਨਿੱਜੀ ਦੁਸ਼ਮਣੀ ਕਾਰਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਕਾਰ ਪਹਿਲਾਂ ਵੀ ਝਗੜਾ ਹੋਇਆ ਸੀ ਤੇ ਦੋਵਾਂ ਦੇ ਘਰ ਨਾਲ-ਨਾਲ ਹਨ। ਜਾਂਚ ਅਧਿਕਾਰੀ ਬਘੇਲ ਸਿੰਘ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਬਿਜਲੀ ਠੀਕ ਕਰਨ ਲਈ ਖੰਭੇ ਨਾਲ ਪੌੜੀ ਰੱਖ ਦਿੱਤੀ। ਸ਼ੁਭਮ ਕਥਿਤ ਤੌਰ ’ਤੇ ਆਪਣੇ ਘਰੋਂ ਬਾਹਰ ਆਇਆ ਅਤੇ ਪੌੜੀ ਸੁੱਟ ਦਿੱਤੀ, ਜਦੋਂ ਪਲਵਿੰਦਰ ਨੇ ਵਿਰੋਧ ਕੀਤਾ ਤਾਂ ਸ਼ੁਭਮ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਤਿੰਨ ਗੋਲੀਆਂ ਪਲਵਿੰਦਰ ਸਿੰਘ ਨੂੰ ਲੱਗੀਆਂ, ਜਿਸ ਨਾਲ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਮਹੀਨਾ ਪਹਿਲਾਂ ਸ਼ੁਭਮ ਨੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿੱਤੇ ਸਨ। ਉਸ ਸਮੇਂ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ ਸ਼ੁਭਮ ਫਰਾਰ ਹੋ ਗਿਆ। ਪੁਲੀਸ ਅਧਿਕਾਰੀਆਂ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਸ਼ੁਭਮ ਮਸੀਹ ਅਤੇ ਉਸ ਦੀ ਪਤਨੀ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।