ਮੁਕਤਸਰ ਦੀ ਸਾਬਕਾ ਪ੍ਰਿੰਸੀਪਲ ‘ਡਿਜੀਟਲ ਗ੍ਰਿਫ਼ਤਾਰੀ’ ਦਾ ਸ਼ਿਕਾਰ ਬਣੀ, 1.27 ਕਰੋੜ ਗਵਾਏ
ਅਰਚਿਤ ਵਾਟਸ
ਮੁਕਤਸਰ, 5 ਜੁਲਾਈ
ਇੱਥੇ ਬਾਵਾ ਕਲੋਨੀ ਵਾਸੀ ਨਿੱਜੀ ਸਕੂਲ ਤੋਂ ਪ੍ਰਿੰਸੀਪਲ ਵਜੋਂ ਸੇਵਾਮੁਕਤ ਹੋਈ ਮਹਿਲਾ ਨੂੰ ਸੀਬੀਆਈ ਦੇ ਸੀਨੀਅਰ ਅਧਿਕਾਰੀਆਂ ਵਜੋਂ ਪੇਸ਼ ਹੋਏ ਠੱਗਾਂ ਵੱਲੋਂ ਲਗਪਗ ਪੰਜ ਦਿਨਾਂ ਲਈ ‘ਡਿਜੀਟਲ ਗ੍ਰਿਫ਼ਤਾਰੀ’ ਕਰਦਿਆਂ 1.27 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਸ ਦੌਰਾਨ ਠੱਗਾਂ ਨੇ ਉਸ ’ਤੇ ਮਨੀ ਲਾਂਡਰਿੰਗ ਅਤੇ ਅਸ਼ਲੀਲ ਸਮੱਗਰੀ ਦੇ ਪ੍ਰਸਾਰ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ।
ਸਾਈਬਰ ਸੈੱਲ ਵਿੱਚ ਦਾਇਰ ਸ਼ਿਕਾਇਤ ਅਨੁਸਾਰ ਕੁਸੁਮ ਡੂਮਰਾ ਨੂੰ 22 ਜੂਨ ਨੂੰ ਇੱਕ ਅਣਜਾਣ ਨੰਬਰ ਤੋਂ ਫੋਨ ਆਇਆ। ਕਾਲਰ ਨੇ ਦਾਅਵਾ ਕੀਤਾ ਕਿ ਉਸਦੇ ਨਾਮ ’ਤੇ ਰਜਿਸਟਰਡ ਇੱਕ ਮੋਬਾਈਲ ਨੰਬਰ ਮੁੰਬਈ ਵਿੱਚ ਅਸ਼ਲੀਲ ਵੀਡੀਓ ਅਤੇ ਸੰਦੇਸ਼ ਭੇਜਣ ਲਈ ਵਰਤਿਆ ਜਾ ਰਿਹਾ ਸੀ ਅਤੇ ਉਸਦੇ ਖ਼ਿਲਾਫ਼ 27 ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਸਨ।
ਪੀੜਤ ਨੇ ਦੱਸਿਆ, ‘‘ਇੱਕ ਹੋਰ ਵਿਅਕਤੀ ਕਾਲ ਵਿੱਚ ਸ਼ਾਮਲ ਹੋਇਆ ਅਤੇ ਆਪਣਾ ਨਾਮ ਵਿਕਰਮ ਕੁਮਾਰ ਦੇਸ਼ਮਾਨੇ ਦੱਸਿਆ। ਉਸ ਨੇ ਦਾਅਵਾ ਕੀਤਾ ਕਿ ਮੇਰਾ ਕੈਨਰਾ ਬੈਂਕ, ਮੁੰਬਈ ਵਿੱਚ ਖਾਤਾ ਮਨੀ ਲਾਂਡਰਿੰਗ ਨਾਲ ਜੁੜੇ 6.8 ਕਰੋੜ ਰੁਪਏ ਦੇ ਸ਼ੱਕੀ ਲੈਣ-ਦੇਣ ਲਈ ਵਰਤਿਆ ਗਿਆ ਸੀ ਅਤੇ ਇਹ ਮਾਮਲਾ ਸੀਬੀਆਈ ਜਾਂਚ ਅਧੀਨ ਸੀ।’’
ਸ਼ਿਕਾਇਤ ਵਿੱਚ ਅੱਗੇ ਕਿਹਾ ਗਿਆ ਹੈ, "ਇੱਕ ਵਟਸਐਪ ਵੀਡੀਓ ਕਾਲ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਗਿਆ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੀ ਪਛਾਣ ਸਮਾਧਾਨ ਪਵਾਰ ਵਜੋਂ ਦੱਸੀ ਅਤੇ ਆਪਣੇ ਆਪ ਨੂੰ ਸੀਬੀਆਈ ਡਾਇਰੈਕਟਰ ਦੱਸਿਆ, ਉਨ੍ਹਾਂ ਨੇ ਮੈਨੂੰ ਕਿਸੇ ਨਾਲ ਵੀ ਸੰਪਰਕ ਨਾ ਕਰਨ ਦੀ ਚੇਤਾਵਨੀ ਦਿੱਤੀ ਅਤੇ ਧਮਕੀ ਦਿੱਤੀ ਕਿ ਮੇਰੇ ਰਿਸ਼ਤੇਦਾਰਾਂ ਨੂੰ ਵੀ ਫਸਾਇਆ ਜਾ ਸਕਦਾ ਹੈ। ਮੈਨੂੰ ਹਰ ਸਮੇਂ ਕੈਮਰੇ ’ਤੇ ਰਹਿਣ ਅਤੇ ਆਪਣਾ ਘਰ ਨਾ ਛੱਡਣ ਦੀ ਹਦਾਇਤ ਕੀਤੀ ਗਈ ਸੀ।’’
ਮਹਿਲਾ ਨੇ ਦੱਸਿਆ ਕਿ,‘‘ਵੀਡੀਓ ਕਾਲ ਦੌਰਾਨ ਦੇਸ਼ਮਾਨੇ ਨੇ ਮੈਨੂੰ ਆਪਣੇ ਬੈਂਕ ਖਾਤਿਆਂ ਦਾ ਵੇਰਵਾ ਦੇਣ ਲਈ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਮੇਰੇ ਸਾਰੇ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ। ਨਰੇਸ਼ ਗੋਇਲ (ਜੈੱਟ ਏਅਰਵੇਜ਼ ਦੇ ਸੰਸਥਾਪਕ) ਨਾਲ ਜੁੜੇ ਇੱਕ ਮਨੀ ਲਾਂਡਰਿੰਗ ਕੇਸ ਨਾਲ ਸਬੰਧ ਦੱਸਦੇ ਹੋਏ, ਠੱਗਾਂ ਨੇ ਮੈਨੂੰ ਜ਼ਮਾਨਤ ਲਈ ਉਨ੍ਹਾਂ ਦੁਆਰਾ ਪ੍ਰਦਾਨ ਕੀਤੇ ਖਾਤਿਆਂ ਵਿੱਚ ਫੰਡ ਟ੍ਰਾਂਸਫਰ ਕਰਕੇ ਆਪਣੀ ਸੰਪਤੀ ਨੂੰ 'ਸੁਰੱਖਿਅਤ' ਕਰਨ ਲਈ ਕਿਹਾ।’’ ਕੁਸੁਮ ਨੇ ਦੱਸਿਆ, ‘‘ਕਾਨੂੰਨੀ ਨਤੀਜਿਆਂ ਦੇ ਡਰੋਂ ਮੈਂ 23 ਅਤੇ 27 ਜੂਨ ਦੇ ਵਿਚਕਾਰ RTGS ਰਾਹੀਂ 1,27,00,500 ਰੁਪਏ ਟ੍ਰਾਂਸਫਰ ਕੀਤੇ।"
ਡੀਐਸਪੀ (ਡਿਟੈਕਟਿਵ) ਮੁਕਤਸਰ ਰਮਨਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਇਸ ਠੱਗੀ ਵਿੱਚ ਔਰਤ ਨੇ ਆਪਣੀ ਸਾਰੀ ਜ਼ਿੰਦਗੀ ਦੀ ਬਚਤ ਗੁਆ ਦਿੱਤੀ ਹੈ।