ਸਾਬਕਾ ਵਿਧਾਇਕ ਸੂੰਢ ਦਾ ਸਸਕਾਰ
ਸੁਰਜੀਤ ਮਜਾਰੀ
ਕਾਂਗਰਸ ਦੇ ਇੱਥੋਂ ਦੋ ਵਾਰ ਵਿਧਾਇਕ ਰਹੇ ਚੌਧਰੀ ਤਰਲੋਚਨ ਸਿੰਘ ਸੂੰਢ ਦੇ ਸਸਕਾਰ ਮੌਕੇ ਹਲਕੇ ਦੇ ਪਾਰਟੀ ਵਰਕਰਾਂ ਦੀਆਂ ਅੱਖਾਂ ਨਮ ਸਨ। ਚੌਧਰੀ ਤਰਲੋਚਨ ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਸੂੰਢ ਵਿੱਚ ਕੀਤਾ ਗਿਆ। ਚੌਧਰੀ ਸੂੰਢ ਦਾ ਕੱਲ੍ਹ ਤਰਨ ਤਾਰਨ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਸੀ। ਉਹ ਉੱਥੇ ਪਾਰਟੀ ਦੇ ਉਮੀਦਵਾਰ ਦੇ ਪ੍ਰਚਾਰ ਲਈ ਗਏ ਸਨ। ਇਸ ਤੋਂ ਪਹਿਲਾਂ ਬੰਗਾ ਰਿਹਾਇਸ਼ ਤੋਂ ਉਨ੍ਹਾਂ ਦੇ ਜੱਦੀ ਪਿੰਡ ਸੂੰਢ ਤੱਕ ਅੰਤਿਮ ਯਾਤਰਾ ਕੱਢੀ ਗਈ। ਇਸ ਵਿੱਚ ਹਲਕੇ ਭਰ ਤੋਂ ਪਾਰਟੀ ਵਰਕਰ ਸ਼ਾਮਲ ਹੋਏ।
ਚੌਧਰੀ ਤਰਲੋਚਨ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸ ਦੇ ਹੋਰ ਸੂਬਾਈ ਆਗੂ ਵੀ ਪੁੱਜੇ ਹੋਏ ਸਨ। ਉਨ੍ਹਾਂ ਕਿਹਾ ਕਿ ਚੌਧਰੀ ਤਰਲੋਚਨ ਸੂੰਢ ਦੇ ਦੇਹਾਂਤ ਨਾਲ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਬੰਗਾ ਹਲਕੇ ਤੋਂ ਹੋਣਹਾਰ ਆਗੂ ਦਾ ਵਿਛੋੜਾ ਪੈ ਗਿਆ ਹੈ। ਇਸ ਮੌਕੇ ਪੁੱਜੇ ਬੰਗਾ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਬਹਿਰਾਮ, ਸੀ ਪੀ ਐੱਮ ਦੇ ਆਗੂ ਕਾਮਰੇਡ ਰਾਮ ਸਿੰਘ ਨੂਰਪੁਰੀ, ਬਸਪਾ ਆਗੂ ਪ੍ਰਵੀਨ ਬੰਗਾ, ‘ਆਪ’ ਆਗੂ ਬੀਬੀ ਹਰਜੋਤ ਕੌਰ ਲੋਹਟੀਆ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
