ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਪਾਰਟੀ ਛੱਡੀ
ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ। ਸ੍ਰੀ ਨਿੰਮਾ 1992 ਵਿੱਚ ਵਿਧਾਇਕ ਚੁਣੇ ਗਏ ਸਨ। 2016 ਵਿੱਚ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀਪੀਪੀ) ਦੇ ਕਾਂਗਰਸ ਵਿੱਚ ਮਰਜ ਹੋਣ ਸਮੇਂ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਉਹ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨੇੜਲੇ ਸਾਥੀਆਂ ਵਿੱਚੋਂ ਹਨ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਅਣਦੇਖਿਆ, ਅਣਗੌਲਿਆ ਕੀਤੇ ਜਾਣ ਕਾਰਨ ਉਹ ਨਾਰਾਜ਼ ਹਨ ਅਤੇ ਇਸ ਲਈ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਨਿੰਮਾ ਪੀਪੀਸੀਸੀ ਦੇ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਵੀ ਰਹੇ ਹਨ। ਇਹ ਵੀ ਦੱਸਣਾ ਬਣਦਾ ਹੈ ਕਿ ਉਹ 2017 ਵਿੱਚ ਕਾਂਗਰਸ ਪਾਰਟੀ ਵੱਲੋਂ ਭਦੌੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਏ ਗਏ ਸਨ ਪਰ ਕੁਝ ਕਾਰਨਾਂ ਕਾਰਨ ਉਨ੍ਹਾਂ ਦੀ ਟਿਕਟ ਚੋਣ ਪ੍ਰਕਿਰਿਆ ਵਿਚ ਹੀ ਕੱਟ ਦਿੱਤੀ ਗਈ ਸੀ।
ਨਿਰਮਲ ਸਿੰਘ ਨਿੰਮਾ ਨੇ ਇੱਥੇ ਆਪਣੀ ਰਿਹਾਇਸ਼ ’ਤੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਤੋਂ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਹਨ ਉਸ ਸਮੇਂ ਤੋਂ ਉਨ੍ਹਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹ ਮਨਪ੍ਰੀਤ ਬਾਦਲ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਮਨਪ੍ਰੀਤ ਬਾਦਲ ਭਾਵੇਂ ਭਾਜਪਾ ਵਿੱਚ ਚਲੇ ਗਏ ਹਨ ਪ੍ਰੰਤੂ ਉਨ੍ਹਾਂ ਕਾਂਗਰਸ ਨਹੀਂ ਛੱਡੀ ਸੀ ਪ੍ਰੰਤੂ ਹੁਣ ਮਜਬੂਰਨ ਕਾਂਗਰਸ ਛੱਡਣੀ ਪੈ ਰਹੀ ਹੈ।
