ਜਾਅਲੀ ਦਸਤਖ਼ਤ: ‘ਆਪ’ ਵੱਲੋਂ ਭਾਜਪਾ ’ਤੇ ਮੁਲਜ਼ਮ ਨੂੰ ਬਚਾਉਣ ਦਾ ਦੋਸ਼
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ਤੇ ਕੇਂਦਰ ਸਰਕਾਰ ’ਤੇ ਲੋਕਤੰਤਰ ਦਾ ਘਾਣ ਕਰਨ ਅਤੇ ਮੁਲਜ਼ਮਾਂ ਨੂੰ ਬਚਾਉਣ ਦੇ ਦੋਸ਼ ਲਾਏ ਹਨ। ਅਰੋੜਾ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਵਿਧਾਇਕਾਂ ਦੇ ਜਾਅਲੀ ਦਸਤਖਤ ਕਰਨ ਵਾਲੇ ਨੂੰ ਭਾਜਪਾ ਬਚਾਅ ਰਹੀ ਹੈ। ਇਸੇ ਲਈ ਅੱਜ ਜਦੋਂ ਰੋਪੜ ਪੁਲੀਸ ਚੰਡੀਗੜ੍ਹ ਵਿੱਚ ਨਵਨੀਤ ਚਤੁਰਵੇਦੀ ਨੂੰ ਵਿਧਾਇਕ ਦੇ ਜਾਅਲੀ ਦਸਤਖ਼ਤ ਕਰਨ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਲਈ ਪਹੁੰਚੀ ਤਾਂ ਚੰਡੀਗੜ੍ਹ ਪੁਲੀਸ ਨੇ ਉਸ ਨੂੰ ਵੀ ਆਈ ਪੀ ਸੁਰੱਖਿਆ ਦੇ ਦਿੱਤੀ। ਇਸ ਦੇ ਨਾਲ ਹੀ ਉਸ ਨੂੰ ਪੁਲੀਸ ਹੈਡਕੁਆਰਟਰ ਵਿੱਚ ਪਨਾਹ ਵੀ ਦਿੱਤੀ ਗਈ। ਨਵਨੀਤ ਚਤੁਰਵੇਦੀ ਨੇ ਪਹਿਲਾਂ 6 ਅਕਤੂਬਰ ਨੂੰ ‘ਆਪ’ ਦੇ 10 ਵਿਧਾਇਕਾਂ ਦੇ ਨਾਵਾਂ ਵਾਲਾ ਨਾਮਜ਼ਦਗੀ ਪੱਤਰ ਬਿਨਾਂ ਦਸਤਖਤਾਂ ਤੋਂ ਦਾਖਲ ਕੀਤਾ। ਇਸ ਤੋਂ ਬਾਅਦ 13 ਅਕਤੂਬਰ ਨੂੰ 10 ਹੋਰ ਵਿਧਾਇਕਾਂ ਦੇ ਨਾਵਾਂ ਵਾਲਾ ਇੱਕ ਹੋਰ ਨਾਮਜ਼ਦਗੀ ਪੱਤਰ ਦਾਖਲ ਕੀਤਾ, ਜਿਸ ਵਿੱਚ ਵਿਧਾਇਕ ਰਜਨੀਸ਼ ਦਹੀਆ, ਫੌਜਾ ਸਿੰਘ ਸਰਾਰੀ ਅਤੇ ਦਿਨੇਸ਼ ਚੱਢਾ ਸਮੇਤ ਕਈ ਹੋਰ ਵਿਧਾਇਕਾਂ ਦੇ ਜਾਅਲੀ ਦਸਤਖਤ ਕੀਤੇ ਗਏ ਸਨ। ਇਸ ਧੋਖਾਧੜੀ ਸਬੰਧੀ ਰੋਪੜ ਤੋਂ ਵਿਧਾਇਕ ਦਿਨੇਸ਼ ਚੱਢਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਦੇਰ ਰਾਤ ਕੇਸ ਦਰਜ ਕੀਤਾ ਸੀ। ਅੱਜ ਰੋਪੜ ਪੁਲੀਸ ਟੀਮ ਚੰਡੀਗੜ੍ਹ ਵਿੱਚ ਨਵਨੀਤ ਚਤੁਰਵੇਦੀ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਚੰਡੀਗੜ੍ਹ ਪੁਲੀਸ ਉਸ ਨੂੰ ਸਰਕਾਰੀ ਗੱਡੀ ਵਿੱਚ ਬਿਠਾ ਕੇ ਲੈ ਗਈ। ਇਹ ਗੱਡੀ ਚੰਡੀਗੜ੍ਹ ਦੇ ਡੀ ਜੀ ਪੀ ਦੇ ਨਾਮ ’ਤੇ ਰਜਿਸਟਰਡ ਹੈ। ਮੰਤਰੀ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਇਸ ਪੂਰੇ ਫਰਜ਼ੀਵਾੜੇ ਪਿੱਛੇ ਭਾਜਪਾ, ਕੇਂਦਰੀ ਗ੍ਰਹਿ ਮੰਤਰਾਲੇ ਅਤੇ ਚੰਡੀਗੜ੍ਹ ਪ੍ਰਸ਼ਾਸਨ ਦਾ ਹੱਥ ਹੈ। ਕੇਂਦਰ ਸਰਕਾਰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਵੇ ਅਤੇ ਦੇਸ਼ ਵਿੱਚ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਨਾ ਕਰੇ।