ਹੜ੍ਹਾਂ ਦੀ ਮਾਰ: ਪੰਜਾਬ ਸਰਕਾਰ ਆਪਣੀ ਨਾਕਾਮੀ ਕੇਂਦਰ ਸਿਰ ਮੜ੍ਹਨ ਲੱਗੀ: ਵੜਿੰਗ
“ਵਿਧਾਨ ਸਭਾ ਵਿੱਚ ‘ਨਾਮ ਮਾਤਰ ਮਤਾ’ ਲੋਕਾਂ ਦਾ ਢਿੱਡ ਨਹੀਂ ਭਰੇਗਾ”
Advertisement
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਠੋਸ ਫ਼ੈਸਲੇ ਨਾ ਲੈਣ ’ਤੇ ਸੂਬਾ ਸਰਕਾਰ ਦੀ ਘੇਰਾਬੰਦੀ ਕੀਤੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦੀ ਮੁੱਢਲੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਬਣਦੀ ਹੈ, ਜਦੋਂ ਕਿ ‘ਆਪ’ ਸਰਕਾਰ ਆਪਣੀ ਨਾਕਾਮੀਆਂ ਦਾ ਠੀਕਰਾ ਕੇਂਦਰ ਸਰਕਾਰ ਸਿਰ ਭੰਨ ਰਹੀ ਹੈ, ਜਿਸ ਵੱਲੋਂ ਹੜ੍ਹ ਰਾਹਤ ਕਾਰਜ ਸਹੀ ਢੰਗ ਨਾਲ ਨਾ ਚਲਾਉਣ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਪੰਜਾਬ ਨੂੰ ਕੋਈ ਰਾਹਤ ਨਹੀਂ ਦੇ ਰਹੀ, ਜਿਸ ਦਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੀ ‘ਆਪ’ ਸਰਕਾਰ ਆਪਣੀ ਨਾਕਾਮੀਆਂ ਨੂੰ ਕੇਂਦਰ ਸਿਰ ਮੜ੍ਹ ਰਹੀ ਹੈ। ਸ੍ਰੀ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸਿਰਫ਼ ਮਤੇ ਪਾਸ ਕਰਨ ਤੋਂ ਇਲਾਵਾ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ‘ਨਾਮ ਮਾਤਰ ਮਤਾ’ ਪਾਸ ਕਰ ਕੇ ਲੋਕਾਂ ਦਾ ਢਿੱਡ ਨਹੀਂ ਭਰਿਆ ਜਾ ਸਕਦਾ। ਇਸ ਲਈ ਪੰਜਾਬ ਨੂੰ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਲੰਮੀ ਲੜਾਈ ਲੜਨੀ ਪਵੇਗੀ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕਾਂ ਨੂੰ ਉਡੀਕ ਕਰਨ ਲਈ ਮਜਬੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਰਾਹਤ ਪਹੁੰਚਾਉਣਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਜਿਸ ਲਈ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ।
Advertisement
Advertisement