ਸਤਲੁਜ ’ਚ ਆਏ ਹੜ੍ਹ ਨੇ ਤਬਾਹੀ ਮਚਾਈ
ਪਿੰਡ ਝੰਗੜ ਭੈਣੀ ਵਾਸੀ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਕਰੀਬ 300 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਪਿੰਡ ਰਾਮ ਸਿੰਘ ਵਾਲੀ ਭੈਣੀ ਵਾਸੀ ਓਮ ਸਿੰਘ, ਸੁਖਵਿੰਦਰ ਸਿੰਘ ਅਤੇ ਹੋਰਨਾਂ ਨੇ ਦੱਸਿਆ ਹੜ੍ਹ ਕਾਰਨ ਉਨ੍ਹਾਂ ਦੇ ਪਿੰਡ ਦੀ ਕਰੀਬ 250 ਏਕੜ ਤੋਂ ਜ਼ਿਆਦਾ ਫ਼ਸਲ ਨੁਕਸਾਨੀ ਗਈ ਹੈ ਅਤੇ ਕੁਝ ਮਕਾਨਾਂ ਨੇੜੇ ਪਾਣੀ ਪਹੁੰਚ ਚੁੱਕਿਆ ਹੈ। ਪਿੰਡ ਰੇਤੇ ਵਾਲੀ ਭੈਣੀ ਵਾਸੀ ਬਚਨ ਸਿੰਘ, ਭਗਵਾਨ ਸਿੰਘ ਅਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੀ ਕਰੀਬ 500 ਤੋਂ 600 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਇਸ ਤੋਂ ਇਲਾਵਾ ਢਾਣੀਆਂ ਵਿੱਚ ਰਹਿੰਦੇ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਹੈ। ਪਿੰਡ ਵਾਲ੍ਹੇ ਸ਼ਾਹ ਹਿਥਾੜ ਅਤੇ ਢਾਣੀ ਸੱਦਾ ਸਿੰਘ ਵੀ ਹੜ੍ਹ ਦੀ ਮਾਰ ਹੇਠ ਆ ਗਏ ਹਨ। ਇਨ੍ਹਾਂ ਪਿੰਡਾਂ ਦੀ ਕਰੀਬ 600 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਚੁੱਕੀ ਹੈ। ਢਾਣੀ ਸੱਦਾ ਸਿੰਘ ਵਾਸੀ ਸੋਨਾ ਸਿੰਘ ਤੇ ਸ਼ਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਦੀ ਕਰੀਬ 400 ਏਕੜ ਫ਼ਸਲ ਹੜ੍ਹ ਦੀ ਮਾਰ ਹੇਠ ਆ ਗਈ ਹੈ। ਪਿੰਡ ਦੋਨਾਂ ਨਾਨਕਾ, ਤੇਜਾ ਰੁਹੇਲਾ, ਚੱਕ ਰੁਹੇਲਾ, ਮੁਹਾਰ ਜਮਸ਼ੇਰ, ਗੁੱਦੜ ਭੈਣੀ ਅਤੇ ਹੋਰ ਨੇੜਲੇ ਪਿੰਡਾਂ ਦਾ ਵੀ ਇਹੀ ਹਾਲ ਹੈ। ਸੱਤਾ ਧਿਰ ਦੇ ਵਿਧਾਇਕਾਂ ਅਤੇ ਪ੍ਰਸ਼ਾਸਨ ਵੱਲੋਂ ਪਿੰਡਾਂ ਦੇ ਗੇੜੇ ਮਾਰੇ ਜਾ ਰਹੇ ਹਨ। ਉਧਰ, ਲੋਕਾਂ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਰਾਹਤ ਦੇਣ ਦੀ ਥਾਂ ਸਿਰਫ਼ ਉਨ੍ਹਾਂ ਦਾ ਹਾਲ ਜਾਣ ਕੇ ਹਰ ਕੋਈ ਵਾਪਸ ਤੁਰਦਾ ਬਣਦਾ ਹੈ।