ਪੰਜਾਬ ’ਚ ਹੜ੍ਹ ਕੇਂਦਰ ਸਰਕਾਰ ਦੀ ਸਾਜ਼ਿਸ਼: ਬਾਦਲ
ਅਕਾਲੀ ਦਲ ਦੇ ਪ੍ਰਧਾਨ ਨੇ ਮੂਨਕ ਤੇ ਮਕੋਰੜ ਸਾਹਿਬ ਵਿੱਚ ਘੱਗਰ ਦੀ ਸਥਿਤੀ ਦਾ ਲਿਆ ਜਾਇਜ਼ਾ; ਪੰਜਾਬ ਸਰਕਾਰ ’ਤੇ ਵੀ ਸੇਧੇ ਨਿਸ਼ਾਨੇ
Advertisement
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਇੱਥੇ ਮੂਨਕ, ਮਕੋਰੜ ਸਾਹਿਬ ਵਿੱਚੋਂ ਲੰਘਦੀ ਘੱਗਰ ਦੇ ਪਾਣੀ ਦੇ ਪੱਧਰ ਦਾ ਜਾਇਜ਼ਾ ਲੈਣ ਪਹੁੰਚੇ। ਇਸ ਮੌਕੇ ਉਨ੍ਹਾਂ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਸ੍ਰੀ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜ਼ਿਸ਼ ਹੈ ਅਤੇ ਸੂਬਾ ਸਰਕਾਰ ਦੀ ਨਲਾਇਕੀ ਕਰ ਕੇ ਇਹ ਹੜ੍ਹ ਆਏ ਹਨ। ਕੇਂਦਰ ਤੇ ਪੰਜਾਬ ਸਰਕਾਰ ਨੇ ਦਰਿਆਵਾਂ ਤੇ ਨਦੀਆਂ ਦੀ ਸਫ਼ਾਈ ਨਹੀਂ ਕਰਵਾਈ। ਇਸ ਦਾ ਨਤੀਜਾ ਅੱਜ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਦੀ ਹਜ਼ਾਰਾਂ ਏਕੜ ਫਸਲ ਤੇ ਘਰ ਹੜ੍ਹ ਨਾਲ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਚਾਅ ਲਈ ਸਰਕਾਰ ਨੇ ਕੋਈ ਤਿਆਰੀ ਨਹੀਂ ਕੀਤੀ ਤੇ ਫੰਡਾਂ ਨੂੰ ਸਫਾਈ ਪ੍ਰਬੰਧਾਂ ਵਿੱਚ ਨਹੀ ਲਗਾਇਆ ਗਿਆ। ਸ੍ਰੀ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਪੰਜਾਬ ਵਿੱਚ ਰਾਹਤ ਕੈਂਪ ਸਥਾਪਤ ਕਰ ਰਿਹਾ ਹੈ ਅਤੇ ਜਲਦੀ ਹੀ ਫੋਨ ਨੰਬਰ ਜਾਰੀ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਮੂਨਕ ਬੰਨ੍ਹ ਲਈ ਦੋ ਲੱਖ ਨਕਦ ਅਤੇ ਚਾਰ ਹਜ਼ਾਰ ਲਿਟਰ ਡੀਜ਼ਲ ਅਤੇ ਮਕੌਰੜ ਸਾਹਿਬ ਲਈ ਇੱਕ ਲੱਖ ਨਕਦ ਅਤੇ ਦੋ ਹਜ਼ਾਰ ਲਿਟਰ ਡੀਜ਼ਲ ਤੇ ਹੋਰ ਸਹੂਲਤਾਂ ਲਈ ਰਾਸ਼ੀ ਵੀ ਦਿੱਤੀ। ਇਸ ਮੌਕੇ ਪਾਰਟੀ ਜਨਰਲ ਸਕੱਤਰ ਵਿਨਰਜੀਤ ਸਿੰਘ ਗੋਲਡੀ, ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇਬਾਦ, ਵਾਈਸ ਪ੍ਰਧਾਨ ਗੁਲਜ਼ਾਰੀ ਮੂਨਕ, ਨਿਰਮਲ ਸਿੰਘ ਕੜੈਲ ਤੇ ਗੋਲਡੀ ਚੀਮਾ ਹਾਜ਼ਰ ਸਨ।
Advertisement
Advertisement