ਹੜ੍ਹਾਂ ਕਾਰਨ ਪੰਜਾਬ ਦੀ ਮਿੱਟੀ ਬਦਲੀ: ਡਾ. ਗੋਸਲ
ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਨੇ ਖੇਤਾਂ ਨੂੰ ਸਿਰਫ਼ ਡੁਬੋਇਆ ਹੀ ਨਹੀਂ, ਸਗੋਂ ਉਨ੍ਹਾਂ ਨੂੰ ਬਦਲ ਵੀ ਦਿੱਤਾ ਹੈ। ਹਿਮਾਲਿਆ ਦੀਆਂ ਪਹਾੜੀਆਂ ਤੋਂ ਰੁੜ੍ਹ ਕੇ ਆਈ ਲਾਲ ਮਿੱਟੀ ਅਤੇ ਗਾਰ ਖੇਤਾਂ ਦੇ ਵੱਡੇ ਹਿੱਸੇ ਵਿੱਚ ਫੈਲ ਗਈ ਹੈ। ਇਹ ਮਿੱਟੀ ਪੰਜਾਬ ਦੀ ਮਿੱਟੀ ਨਾਲ ਰਲ ਗਈ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ, ਪੌਸ਼ਟਿਕ ਤੱਤਾਂ ਦੇ ਸੰਤੁਲਨ ਅਤੇ ਭਵਿੱਖ ਦੀਆਂ ਫ਼ਸਲਾਂ ਦੀ ਪੈਦਾਵਾਰ ’ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
‘ਦਿ ਟ੍ਰਿਬਿਊਨ’ ਨਾਲ ਵਿਸ਼ੇਸ਼ ਇੰਟਰਵਿਊ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ ਏ ਯੂ) ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਗੋਸਲ ਨੇ ਦੱਸਿਆ ਕਿ ਮਿੱਟੀ ਵਿੱਚ ਆਏ ਇਸ ਬਦਲਾਅ ਦੇ ਫ਼ਾਇਦੇ ਅਤੇ ਨੁਕਸਾਨ ਦੋਵੇਂ ਹੋ ਸਕਦੇ ਹਨ। ਉਨ੍ਹਾਂ ਕਿਹਾ, ‘ਪਹਾੜੀ ਲਾਲ ਮਿੱਟੀ ਖਣਿਜਾਂ ਨਾਲ ਭਰਪੂਰ ਹੁੰਦੀ ਹੈ ਅਤੇ ਪਹਾੜੀ ਖੇਤਰਾਂ ਵਿੱਚ ਫ਼ਸਲਾਂ ਲਈ ਵਧੀਆ ਹੁੰਦੀ ਹੈ। ਜੇ ਇਹ ਮਿੱਟੀ ਸਾਡੇ ਸੂਬੇ ਦੀ ਮਿੱਟੀ ਨਾਲ ਠੀਕ ਤਰ੍ਹਾਂ ਰਲ ਜਾਵੇ ਤਾਂ ਇਹ ਮਦਦਗਾਰ ਹੋ ਸਕਦੀ ਹੈ, ਪਰ ਸਾਨੂੰ ਇਸ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਪਵੇਗੀ।’ ਪੀ ਏ ਯੂ ਨੇ ਮਿੱਟੀ ’ਚ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਦੀ ਮਾਤਰਾ ਦੀ ਜਾਂਚ ਕਰਨ ਅਤੇ ਉਤਪਾਦਕਤਾ ਵਾਪਸ ਲਿਆਉਣ ਲਈ ਮੁਹਿੰਮ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ। ਡਾ. ਗੋਸਲ ਨੇ ਕਿਹਾ, ‘ਜੇ ਅਸੀਂ ਮਿੱਟੀ ਦਾ ਸਹੀ ਪ੍ਰਬੰਧਨ ਕਰੀਏ ਅਤੇ ਤੁਰੰਤ ਕਦਮ ਚੁੱਕੀਏ ਤਾਂ ਅਸੀਂ ਇਸ ਚੁਣੌਤੀ ਨੂੰ ਇੱਕ ਮੌਕੇ ਵਿੱਚ ਬਦਲ ਸਕਦੇ ਹਾਂ। ਪਹਾੜੀ ਮਿੱਟੀ ਸਬਜ਼ੀਆਂ ਅਤੇ ਫ਼ਸਲਾਂ ਲਈ ਚੰਗੀ ਹੁੰਦੀ ਹੈ, ਸਾਨੂੰ ਬਸ ਇਹ ਸਮਝਣਾ ਹੋਵੇਗਾ ਕਿ ਇਸ ਦੀ ਸਹੀ ਵਰਤੋਂ ਕਿਵੇਂ ਕੀਤੀ ਜਾਵੇ।’
ਉਨ੍ਹਾਂ ਕਿਹਾ ਕਿ ਹੜ੍ਹਾਂ ਨਾਲ ਨਾ ਸਿਰਫ਼ ਮੌਜੂਦਾ ਫ਼ਸਲ ਦਾ ਨੁਕਸਾਨ ਹੋਇਆ ਹੈ, ਬਲਕਿ ਅਗਲੀ ਫ਼ਸਲ ਨੂੰ ਵੀ ਨੁਕਸਾਨ ਪਹੁੰਚਿਆ ਹੈ। ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪ੍ਰਭਾਵਿਤ ਪਿੰਡਾਂ ਵਿੱਚ ਨੁਕਸਾਨ ਦਾ ਜਾਇਜ਼ਾ ਲੈਣਗੇ ਅਤੇ ਅਗਲੀ ਫ਼ਸਲ ਲਈ ਕਣਕ ਦੇ ਬੀਜ ਬਹੁਤ ਘੱਟ ਕੀਮਤ ’ਤੇ ਦੇਣਗੇ। ਖ਼ਾਸ ਕਰਕੇ ਉਨ੍ਹਾਂ ਥਾਵਾਂ ’ਤੇ ਜਿੱਥੇ ਰੱਖੇ ਹੋਏ ਬੀਜ ਖ਼ਰਾਬ ਹੋ ਗਏ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ‘ਬਚੀਆਂ ਹੋਈਆਂ ਫ਼ਸਲਾਂ ਹੁਣ ਬਿਮਾਰੀਆਂ, ਕੀੜਿਆਂ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਕਮਜ਼ੋਰ ਹੋ ਗਈਆਂ ਹਨ। ਪੀਏਯੂ ਨੇ ਇੱਕ ਫ਼ਸਲ ਐਮਰਜੈਂਸੀ ਯੋਜਨਾ ਸ਼ੁਰੂ ਕੀਤੀ ਹੈ ਅਤੇ ਵੱਖ ਵੱਖ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਫ਼ਸਲ ਮਾਹਿਰਾਂ ਦੇ ਸੰਪਰਕ ਨੰਬਰ ਵੀ ਸਾਂਝੇ ਕੀਤੇ ਹਨ।’ ਉਨ੍ਹਾਂ ਕਿਹਾ, ‘ਇਹ ਸਿਰਫ਼ ਇੱਕ ਮੌਸਮ ਦਾ ਨੁਕਸਾਨ ਨਹੀਂ ਹੈ, ਬਲਕਿ ਇਹ ਪੂਰੇ ਖੇਤੀ ਚੱਕਰ ਵਿੱਚ ਇੱਕ ਵੱਡੀ ਰੁਕਾਵਟ ਹੈ।’