ਹੜ੍ਹਾਂ ਦੀ ਮਾਰ: ਸੂਬੇ ਦੇ 2,800 ਪਿੰਡਾਂ ’ਚ ਐਪ ਰਾਹੀਂ ਸਰਵੇਖਣ ਕਰਾਏਗੀ ਸਰਕਾਰ
ਆਤਿਸ਼ ਗੁਪਤਾ
ਪੰਜਾਬ ਵਿੱਚ ਹੜ੍ਹਾਂ ਕਰ ਕੇ ਸੂਬੇ ਦੇ 2,300 ਤੋਂ ਵੱਧ ਪਿੰਡ ਪ੍ਰਭਾਵਿਤ ਹੋ ਗਏ ਹਨ, ਜਿੱਥੇ ਕਿਸਾਨਾਂ ਦੀ ਪੰਜ ਲੱਖ ਏਕੜ ਫ਼ਸਲ ਖਰਾਬ ਹੋ ਗਈ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਇਸ ਦੇ ਨਾਲ ਹੀ ਪੰਜਾਬ ਵਿੱਚ ਆਏ ਹੜ੍ਹਾਂ ਕਰ ਕੇ ਸੂਬੇ ਦੀਆਂ 4,658 ਕਿਲੋਮੀਟਰ ਸੜਕਾਂ ਅਤੇ 68 ਪੁਲਾਂ ਦਾ ਨੁਕਸਾਨ ਹੋ ਗਿਆ ਹੈ। ਜਿਨ੍ਹਾਂ ਨੂੰ ਨਵੇਂ ਸਿਰੇ ਤੋਂ ਬਣਾਉਣ ਦੀ ਲੋੜ ਹੈ। ਇਨ੍ਹਾਂ ਸੜਕਾਂ ਅਤੇ ਪੁਲਾਂ ਦੀ ਉਸਾਰੀ ’ਤੇ 1,970 ਕਰੋੜ ਰੁਪਏ ਤੋਂ ਵੱਧ ਦਾ ਖਰਚ ਆਵੇਗਾ। ਸੂਬਾ ਸਰਕਾਰ ਵੱਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਸਬੰਧੀ ਜਾਇਜ਼ਾ ਲੈਣ ਲਈ 2,800 ਪਿੰਡਾਂ ਵਿੱਚ ਐਪ ਰਾਹੀਂ ਸਰਵੇਖਣ ਕਰਵਾਇਆ ਜਾਵੇਗਾ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੜ੍ਹਾਂ ਕਰ ਕੇ ਕੌਮੀ ਮਾਰਗ ਅਧੀਨ ਆਉਂਦੇ 4 ਪੁਲਾਂ ਅਤੇ 49.69 ਕਿਲੋਮੀਟਰ ਸੜਕਾਂ ਦਾ ਨੁਕਸਾਨ ਹੋਇਆ ਹੈ। ਇਸੇ ਤਰ੍ਹਾਂ 2357.84 ਕਿਲੋਮੀਟਰ ਦੀਆਂ ਲਿੰਕ ਸੜਕਾਂ ਅਤੇ 45 ਪੁਲਾਂ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਅਧੀਨ ਆਉਂਦੀਆਂ 657.54 ਕਿਲੋਮੀਟਰ ਦੀਆਂ ਸੜਕਾਂ ਵੀ ਨੁਕਸਾਨੀਆਂ ਗਈਆਂ ਹਨ। ਪਲਾਨ ਰੋਡਸ ਅਧੀਨ ਆਉਂਦੇ 19 ਪੁਲਾਂ ਅਤੇ 1592.76 ਕਿਲੋਮੀਟਰ ਮਾਰਗ ਦਾ ਨੁਕਸਾਨ ਹੋਇਆ ਹੈ।
ਕੈਬਨਿਟ ਮੰਤਰੀ ਵੱਲੋਂ ਐੱਨ.ਐੱਚ.ਏ.ਆਈ. ਦੇ ਅਧਿਕਾਰੀਆਂ ਨਾਲ ਮੀਟਿੰਗ
ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਹੜ੍ਹਾਂ ਕਰ ਕੇ ਟੁੱਟੀਆਂ ਸੜਕਾਂ ਦੀ ਮੁਰੰਮਤ ਅਤੇ ਨਵੇਂ ਸਿਰੇ ਤੋਂ ਬਣਾਈ ਜਾਣ ਵਾਲੀਆਂ ਸੜਕਾਂ ਲਈ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨੈਸ਼ਨਲ ਹਾਈਵੇਅ ਅਥਾਰਿਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਸੂਬੇ ਦੀਆਂ ਵੱਖ-ਵੱਖ ਸੜਕਾਂ ਦੀ ਦਸ਼ਾ ਨੂੰ ਤੁਰੰਤ ਸੁਧਾਰਨ ਸਬੰਧੀ ਨਿਰਦੇਸ਼ ਦਿੱਤੇ। ਉਨ੍ਹਾਂ ਅੰਮ੍ਰਿਤਸਰ, ਜੰਡਿਆਲਾ ਸੈਕਸ਼ਨ ’ਤੇ ਪੈਂਦੇ ਮੱਲੀਆ, ਟਾਂਗਰਾ ਅਤੇ ਦਬੁਰਜੀ ਉਸਾਰੇ ਜਾਣ ਵਾਲੇ ਫਲਾਈਓਵਰ ਦੇ ਨਾਲ ਸਰਵਿਸ ਰੋਡ ਦੀ ਸਮੇਂ ਸਿਰ ਮੁਰੰਮਤ ਨਾ ਹੋਣ ਦਾ ਜ਼ਿਕਰ ਕੀਤਾ। ਉਨ੍ਹਾਂ ਸੜਕਾਂ ’ਤੇ ਵਾਪਰ ਰਹੇ ਹਾਦਸਿਆਂ ਬਾਰੇ ਵੀ ਦੱਸਿਆ। ਕੈਬਨਿਟ ਮੰਤਰੀ ਨੇ ਉਸਾਰੀ ਦੇ ਕਾਰਜ ਸਬੰਧੀ ਜਾਣਕਾਰੀ ਲਈ ਅਤੇ ਇਸ ਨੂੰ ਛੇਤੀ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਨੇ ਐੱਨ.ਐੱਚ.ਏ.ਆਈ. ਦੇ ਅਧਿਕਾਰੀਆਂ ਨੂੰ ਖਰੜ ਫਲਾਈਓਵਰ ਦੇ ਥੱਲੇ ਲੱਗਣ ਵਾਲੇ ਜਾਮ ਨੂੰ ਹੱਲ ਕਰਨ ਦੇ ਵੀ ਨਿਰਦੇਸ਼ ਦਿੱਤੇ।