ਹੜ੍ਹਾਂ ਦੀ ਮਾਰ : ਹਰੇਕ ਛੇਵਾਂ ਮਰੀਜ਼ ਚਮੜੀ ਰੋਗ ਤੋਂ ਪੀੜਤ
ਪੰਜਾਬ ਦੇ ਹੜ੍ਹਾਂ ਦੀ ਮਾਰ ’ਚ ਆਏ ਪਿੰਡਾਂ ’ਚ ਹੁਣ ਹਰ ਛੇਵਾਂ ਮਰੀਜ਼ ਚਮੜੀ ਦੇ ਰੋਗ ਤੋਂ ਪੀੜਤ ਹੈ। ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਖ਼ਿੱਤਿਆਂ ’ਚ ਲਗਾਏ ਵਿਸ਼ੇਸ਼ ਮੈਡੀਕਲ ਰਾਹਤ ਕੈਂਪਾਂ ’ਚ ਪੁੱਜੇ ਮਰੀਜ਼ਾਂ ਦੇ ਪਹਿਲੇ ਤਿੰਨ ਦਿਨਾਂ ਦੇ ਰੁਝਾਨ ਤੋਂ ਇਹ ਤੱਥ ਉੱਭਰੇ ਹਨ।
ਅੱਜ ਦੇਰ ਸ਼ਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੁਝਾਨ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਅੱਜ ਉਨ੍ਹਾਂ ਨੇ ਹੜ੍ਹਾਂ ਵਾਲੇ ਖੇਤਰਾਂ ’ਚ ਬਿਮਾਰੀਆਂ ਨਾਲ ਨਜਿੱਠਣ ਵਾਸਤੇ ਉੱਚ ਅਫ਼ਸਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਰੱਖਿਆ ਸੀ।
ਵੇਰਵਿਆਂ ਅਨੁਸਾਰ ਪੰਜਾਬ ਦੇ 2101 ਪਿੰਡਾਂ ਨੂੰ ਵਿਸ਼ੇਸ਼ ਮੈਡੀਕਲ ਕੈਂਪਾਂ ਨਾਲ ਕਵਰ ਕੀਤਾ ਗਿਆ ਹੈ। ਜਦੋਂ ਹੁਣ ਪਿੰਡਾਂ ਵਿਚ ਹੜ੍ਹਾਂ ਦਾ ਪਾਣੀ ਉੱਤਰਿਆ ਹੈ ਤਾਂ ਲੋਕ ਇਨ੍ਹਾਂ ਕੈਂਪਾਂ ’ਚ ਜਾਂਚ ਲਈ ਆਉਣ ਲੱਗੇ ਹਨ।
14 ਸਤੰਬਰ ਤੋਂ ਅੱਜ ਤੱਕ ਦੇ ਤਿੰਨ ਦਿਨਾਂ ਦੌਰਾਨ ਹੜ੍ਹ ਪ੍ਰਭਾਵਿਤ ਪਿੰਡਾਂ ਦੇ 1,42,395 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ ਜਿਸ ਚੋਂ ਸਭ ਤੋਂ ਵੱਧ ਚਮੜੀ ਰੋਗ ਤੋਂ ਪੀੜਤ ਮਰੀਜ਼ ਸਾਹਮਣੇ ਹਨ। ਅੰਕੜੇ ਅਨੁਸਾਰ ਤਿੰਨ ਦਿਨਾਂ ਦੌਰਾਨ 22,118 ਮਰੀਜ਼ ਚਮੜੀ ਦੇ ਰੋਗ ਤੋਂ ਪੀੜਤ ਪਾਏ ਗਏ।
ਸਭ ਤੋਂ ਵੱਧ ਚਮੜੀ ਦੇ ਰੋਗ ਦੇ ਮਰੀਜ਼ ਸਾਹਮਣੇ ਆਏ ਹਨ ਅਤੇ ਇਸ ਰੁਝਾਨ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਦਵਾਈਆਂ ਦਾ ਸਟਾਕ ਵਧਾ ਦਿੱਤਾ ਹੈ। ਦੂਸਰੇ ਨੰਬਰ ’ਤੇ ਬੁਖ਼ਾਰ ਦੇ ਕੇਸ ਉੱਭਰੇ ਹਨ। ਤਿੰਨ ਦਿਨਾਂ ’ਚ ਬੁਖ਼ਾਰ ਵਾਲੇ 19,187 ਮਰੀਜ਼ਾਂ ਦਾ ਪਤਾ ਲੱਗਿਆ ਹੈ। ਇਸੇ ਤਰ੍ਹਾਂ ਦਸਤ ਤੇ ਡਾਇਰੀਆ ਤੋਂ ਪੀੜਤ 4544 ਮਰੀਜ਼ ਸਾਹਮਣੇ ਆਏ ਹਨ। ਅੱਖਾਂ ਦੀ ਇਨਫੈਕਸ਼ਨ ਕਾਫ਼ੀ ਵਧੀ ਹੈ ਜਿਸ ਦੇ ਵਜੋਂ 10,304 ਮਰੀਜ਼ ਅੱਖਾਂ ਦੀ ਇਨਫੈਕਸ਼ਨ ਤੋਂ ਪੀੜਤ ਮਿਲੇ ਹਨ।
ਦੇਖਿਆ ਜਾਵੇ ਤਾਂ ਕੁੱਲ 1.42 ਲੱਖ ਮਰੀਜ਼ਾਂ ਚੋਂ ਸਭ ਤੋਂ ਵੱਧ ਬੁਖ਼ਾਰ ਤੇ ਚਮੜੀ ਰੋਗ ਦੇ 41,305 ਮਰੀਜ਼ ਸ਼ਨਾਖ਼ਤ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਰੁਝਾਨ ਦੇ ਸਾਹਮਣੇ ਆਉਣ ਮਗਰੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਵੀ ਬੁਖ਼ਾਰ, ਚਮੜੀ ਜਾਂ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਲੱਛਣ ਦਿਖਾਈ ਦੇਣ ਤਾਂ ਫ਼ੌਰੀ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਮੈਡੀਕਲ ਰਾਹਤ ਕੈਂਪਾਂ ’ਚ ਪਹੁੰਚ ਕੇ ਜਾਂਚ ਕਰਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਦੇ ਫੈਲਾਓ ਨੂੰ ਰੋਕਿਆ ਜਾ ਸਕੇ।