ਹੜ੍ਹ ਪੀੜਤਾਂ ਦੀ ਵਧ-ਚੜ੍ਹ ਕੇ ਮਦਦ ਕੀਤੀ ਜਾਵੇ: ਜਥੇਦਾਰ ਗੜਗੱਜ
ਇਸ ਸਬੰਧੀ ਜਾਰੀ ਇੱਕ ਵੀਡੀਓ ਸੁਨੇਹੇ ਰਾਹੀਂ ਜਥੇਦਾਰ ਨੇ ਆਖਿਆ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਪੰਜਾਬ ਵਿੱਚ ਵਾਰ-ਵਾਰ ਹੜ੍ਹ ਕਿਉਂ ਆ ਰਹੇ ਹਨ, ਇਸ ਨਾਲ ਪੰਜਾਬੀਆਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ 2023 ਵਿੱਚ ਵੀ ਪੰਜਾਬ ’ਚ ਅਜਿਹੇ ਹੜ੍ਹ ਆਏ ਸਨ ਪਰ ਹੁਣ ਦੋ ਸਾਲ ਬਾਅਦ ਮੁੜ ਹੜ੍ਹ ਆਏ ਹਨ ਅਤੇ ਇਸ ਵਾਰ ਪੰਜਾਬੀਆਂ ਦਾ ਵਧੇਰੇ ਨੁਕਸਾਨ ਹੋਇਆ ਹੈ।
ਇਸ ਔਖੀ ਘੜੀ ਸਮੇਂ ਉਨ੍ਹਾਂ ਸਮੂਹ ਪੰਜਾਬੀਆਂ ਅਤੇ ਜਥੇਬੰਦੀਆਂ ਨੂੰ ਆਖਿਆ ਕਿ ਉਹ ਪਾਣੀ ’ਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨ।
ਉਨ੍ਹਾਂ ਪ੍ਰੇਰਨਾ ਕਰਦਿਆਂ ਕਿਹਾ ਕਿ ਪਹਿਲਾਂ ਵੀ ਕਈ ਵਾਰ ਔਖੀਆਂ ਘੜੀਆਂ ਆਈਆਂ ਹਨ ਅਤੇ ਲੰਘ ਗਈਆਂ ਹਨ ਅਤੇ ਹੁਣ ਵੀ ਗੁਰੂ ਦੀ ਕਿਰਪਾ ਸਦਕਾ ਇਹ ਔਖੀ ਘੜੀ ਲੰਘ ਜਾਵੇਗੀ। ਇਸ ਵੇਲੇ ਆਪਸੀ ਭਾਈਚਾਰਕ ਸਾਂਝ, ਮੁਹੱਬਤ ਅਤੇ ਇੱਕਜੁੱਟਤਾ ਨੂੰ ਬਣਾਏ ਰੱਖਣ ਦੀ ਲੋੜ ਹੈ। ਇਸੇ ਇੱਕਜੁੱਟਤਾ ਦੀ ਭਾਵਨਾ ਨਾਲ ਇੱਕ-ਦੂਜੇ ਦੀ ਮਦਦ ਕਰਨ ਦੀ ਲੋੜ ਹੈ ਤਾਂ ਜੋ ਇਸ ਕੁਦਰਤੀ ਆਫਤ ਵਾਲੇ ਸਮੇਂ ਤੋਂ ਉਭਰਿਆ ਜਾ ਸਕੇ।
ਉਨ੍ਹਾਂ ਵਾਤਾਵਰਨ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਵੱਲ ਵੀ ਉਚੇਚਾ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ ਹੈ।