ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹ: ਕੇਂਦਰੀ ਮੰਤਰੀਆਂ ਦਾ ਪੰਜਾਬ ਵਿੱਚ ਆਉਣਾ-ਜਾਣਾ ਲੱਗਿਆ

ਕੇਂਦਰੀ ਮੰਤਰੀ ਐਸ.ਪੀ. ਸਿੰਘ ਬਘੇਲ, ਡਾ. ਪੇਮਾਸਾਨੀ ਚੰਦਰ ਸ਼ੇਖਰ, ਭਾਗੀਰਥ ਚੌਧਰੀ ਤੇ ਰਾਜ ਭੂਸ਼ਣ ਨੇ ਕੀਤੇ ਦੌਰੇ
ਹੜ੍ਹ ਪੀੜਤਾਂ ਨਾਲ ਗੱਲਬਾਤ ਕਰਦੇ ਹੋਏ ਕੇਂਦਰੀ ਮੰਤਰੀ ਐਸ ਪੀ ਸਿੰਘ ਬਘੇਲ।
Advertisement

ਹਰਦੀਪ ਸਿੰਘ/ਜਸਬੀਰ ਸਿੰਘ ਚਾਨਾ/ਗੁਰਬਖਸ਼ਪੁਰੀ

ਧਰਮਕੋਟ/ਫਗਵਾੜਾ/ਤਰਨ ਤਾਰਨ, 15 ਸਤੰਬਰ

Advertisement

ਕੇਂਦਰੀ ਪਸ਼ੂ ਪਾਲਣ ਅਤੇ ਪੰਚਾਇਤ ਰਾਜ ਮੰਤਰੀ ਐੱਸ ਪੀ ਸਿੰਘ ਬਘੇਲ ਦੋ ਰੋਜ਼ਾ ਦੌਰੇ ’ਤੇ ਅੱਜ ਇੱਥੋਂ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਪੁੱਜੇ। ਮੰਤਰੀ ਨੇ ਸਤਲੁਜ ਦਰਿਆ ਕਿਨਾਰੇ ਹੜ੍ਹ ਪ੍ਰਭਾਵਿਤ ਅੱਧੀ ਦਰਜਨ ਪਿੰਡਾਂ ਦਾ ਦੌਰਾ ਕੀਤਾ ਅਤੇ ਨੁਕਸਾਨ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਡਾਕਟਰ ਹਰਜੋਤ ਕਮਲ ਮੋਗਾ, ਭਾਜਪਾ ਦੇ ਸੀਨੀਅਰ ਆਗੂ ਸਾਬਕਾ ਐੱਸ ਪੀ ਮੁਖਤਿਆਰ ਸਿੰਘ, ਧਰਮਕੋਟ ਮੰਡਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਕੈਲਾ, ਫ਼ਤਹਿਗੜ੍ਹ ਪੰਜਤੂਰ ਮੰਡਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਭਿੰਦਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਦੇ ਆਗੂ ਅਤੇ ਵਰਕਰ ਹਾਜ਼ਰ ਸਨ। ਕੇਂਦਰੀ ਮੰਤਰੀ ਨੇ ਆਪਣਾ ਦੌਰਾ ਪਿੰਡ ਬੋਗੇਵਾਲਾ ਤੋਂ ਸ਼ੁਰੂ ਕੀਤਾ। ਉਨ੍ਹਾਂ ਦਰਿਆ ਦੇ ਬਿਲਕੁਲ ਨਜ਼ਦੀਕ ਪਿੰਡ ਸੰਘੇੜਾ, ਕੰਬੋ ਖੁਰਦ, ਭੈਣੀ, ਸ਼ੇਰਪੁਰ ਤਾਇਬਾ, ਸ਼ੇਰੇਵਾਲਾ, ਚੱਕ ਤਾਰੇਵਾਲਾ ਅਤੇ ਗੱਟੀ ਜੱਟਾਂ ਜਾ ਕੇ ਪੀੜਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਨੁਕਸਾਨ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੂੰ ਪਹਿਲਾਂ ਹੀ ਰਾਹਤ ਕਾਰਜਾਂ ਲਈ ਰਕਮ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨੁਕਸਾਨ ਦੀ ਰਿਪੋਰਟ ਮਿਲਣ ਤੋਂ ਬਾਅਦ ਪੀੜਤ ਲੋਕਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਦੇ ਹੜ੍ਹ ਰੋਕੂ ਅਗਾਊਂ ਪ੍ਰਬੰਧ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ।

ਕੇਂਦਰੀ ਸੰਚਾਰ ਤੇ ਪੇਂਡੂ ਵਿਕਾਸ ਰਾਜ ਮੰਤਰੀ ਡਾ. ਪੇਮਾਸਾਨੀ ਚੰਦਰ ਸ਼ੇਖਰ ਨੇ ਕਿਹਾ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਲੋਕਾਂ ਦੀ ਜ਼ਿੰਦਗੀ ਮੁੜ ਲੀਹ ’ਤੇ ਲਿਆਂਦੀ ਜਾਵੇਗੀ। ਅੱਜ ਫਗਵਾੜਾ ਪੁੱਜ ਕੇ ਉਨ੍ਹਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ। ਮੰਤਰੀ ਨੇ ਅੱਜ ਪਿੰਡ ਨਸੀਰਾਬਾਦ, ਰਾਵਲਪਿੰਡੀ, ਦੁੱਗਾ ਤੇ ਚਹੇੜੂ ਦਾ ਦੌਰਾ ਕਰ ਕੇ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਪਿੰਡ ਚਹੇੜੂ ਵਿੱਚ ਧਰਮਸ਼ਾਲਾ ’ਚ ਰਹਿ ਰਹੇ ਲੋਕਾਂ ਦੀ ਹਾਲਤ ਦੇਖੀ। ਉਨ੍ਹਾਂ ਨੇ ਕੁਝ ਲੋਕਾਂ ਵੱਲੋਂ ਕਟਵਾਇਆ ਬਿਜਲੀ ਕੁਨੈਕਸ਼ਨ ਤੁਰੰਤ ਚਾਲੂ ਕਰਨ ਦੀ ਹਦਾਇਤ ਕੀਤੀ ਤੇ ਸਥਾਨਕ ਪ੍ਰਸ਼ਾਸਨ ਨੂੰ ਇਨ੍ਹਾਂ ਦੇ ਕੇਸ ਤੁਰੰਤ ਬਣਾ ਕੇ ਭੇਜਣ ਲਈ ਕਿਹਾ। ਮੰਤਰੀ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਸਰਕਾਰ ਉਨ੍ਹਾਂ ਦੀ ਜ਼ਿੰਦਗੀ ਮੁੜ ਲੀਹ ’ਤੇ ਲਿਆਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਇਸ ਤੋਂ ਪਹਿਲਾਂ ਮੰਤਰੀ ਨੇ ਰਿਹਾਣਾ ਜੱਟਾਂ ਵਿੱਚ ਸਥਿਤ ਸੁਖਜੀਤ ਮੈਗਾ ਫੂਡ ਪਾਰਕ ਦਾ ਨਿਰੀਖਣ ਕੀਤਾ। ਇਸ ਮੌਕੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼, ਵਿਜੈ ਸਾਂਪਲਾ, ਏ ਡੀ ਸੀ ਡਾ. ਅਕਸ਼ਿਤਾ ਗੁਪਤਾ, ਐੱਸ ਪੀ ਗੁਰਮੀਤ ਕੌਰ ਚਾਹਲ, ਐੱਸ ਡੀ ਐੱਮ ਜਸ਼ਨਪ੍ਰੀਤ ਸਿੰਘ ਵੀ ਸ਼ਾਮਲ ਸਨ।

ਕੇਂਦਰੀ ਰਾਜ ਮੰਤਰੀ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਭਾਰਤ ਸਰਕਾਰ ਭਾਗੀਰਥ ਚੌਧਰੀ ਵੱਲੋਂ ਜ਼ਿਲ੍ਹੇ ਵਿੱਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ| ਇਸ ਮੌਕੇ ਡੀ ਸੀ ਰਾਹੁਲ, ਐੱਸ ਐੱਸ ਪੀ ਡਾ. ਰਵਜੋਤ ਗਰੇਵਾਲ, ਏ ਡੀ ਸੀ ਰਾਜਦੀਪ ਸਿੰਘ ਬਰਾੜ, ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ, ਐਕਸੀਅਨ ਡਰੇਨੇਜ਼ ਸਾਹਿਲ ਕੁਮਾਰ ਅਤੇ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਜਸਜੀਤ ਕੌਰ ਆਦਿ ਹਾਜ਼ਰ ਹੋਏ। ਕੇਂਦਰੀ ਮੰਤਰੀ ਭਾਗੀਰਥ ਚੌਧਰੀ ਨੇ ਕਿਹਾ ਕਿ ਕੁਦਰਤੀ ਆਫ਼ਤ ਕਾਰਨ ਇਸ ਸੰਕਟ ਦੀ ਘੜੀ ਵਿੱਚ ਕੇਂਦਰ ਸਰਕਾਰ ਪੰਜਾਬ ਦੇ ਨਾਲ ਹੈ। ਇਸ ਤੋਂ ਪਹਿਲਾਂ ਮੰਤਰੀ ਚੌਧਰੀ ਵੱਲੋਂ ਅੱਜ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਚੰਬਾਂ ਕਲਾਂ ਅਤੇ ਮਰੜ ਦਾ ਦੌਰਾ ਵੀ ਕੀਤਾ ਗਿਆ। ਉਨ੍ਹਾਂ ਫ਼ਸਲ ਦੇ ਨੁਕਸਾਨ ਦਾ ਜਾਇਜ਼ਾ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ|

ਪੰਜਾਬ ਨੂੰ ਮੁੜ ਪੈਰਾਂ ਸਿਰ ਕਰੇਗਾ ਕੇਂਦਰ: ਰਾਜ ਭੂਸ਼ਣ

ਮਮਦੋਟ ਨੇੜੇ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਮੰਤਰੀ ਰਾਜ ਭੂਸ਼ਨ ਚੌਧਰੀ ਤੇ ਹੋਰ ਭਾਜਪਾ ਆਗੂ।

ਜ਼ੀਰਾ (ਹਰਮੇਸ਼ਪਾਲ ਨੀਲੇਵਾਲ): ਕੇਂਦਰ ਰਾਜ ਮੰਤਰੀ ਰਾਜ ਭੂਸ਼ਣ ਨੇ ਕਿਹਾ ਕਿ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਵੱਡੇ ਨੁਕਸਾਨ ਦੀ ਭਰਪਾਈ ਕਰ ਕੇ ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ਮੁੜ ਪੈਰਾਂ ਸਿਰ ਕੀਤਾ ਜਾਵੇਗਾ। ਇਹ ਪ੍ਰਗਟਾਵਾ ਮੰਤਰੀ ਭੂਸ਼ਣ ਵੱਲੋਂ ਜ਼ੀਰਾ ਵਿੱਚ ਸੀਨੀਅਰ ਭਾਜਪਾ ਆਗੂ ਅਵਤਾਰ ਸਿੰਘ ਜ਼ੀਰਾ ਦੀ ਰਿਹਾਇਸ਼ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦਾ ਦੌਰਾ ਕਰਨ ਉਪਰੰਤ ਮੁੱਢਲੇ ਰੂਪ ਵਿੱਚ 1600 ਕਰੋੜ ਰੁਪਏ ਦੀ ਫੌਰੀ ਰਾਹਤ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਹੁਣ ਉਨ੍ਹਾਂ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਵਿਭਾਗਾਂ ਦੇ ਮੰਤਰੀਆਂ ਅਤੇ ਏਜੰਸੀਆਂ ਵੱਲੋਂ ਨੁਕਸਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਹੋਰ ਰਾਹਤ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪੂਰਾ ਦੇਸ਼ ਪੰਜਾਬ ਦੇ ਨਾਲ ਖੜ੍ਹਾ ਹੈ। ਭਾਰਤ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਮੌਕੇ ਸਿੱਖ ਸ਼ਰਧਾਲੂਆਂ ਦੇ ਜਥੇ ’ਤੇ ਰੋਕ ਸਬੰਧੀ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਇਹ ਫ਼ੈਸਲਾ ਸੁਰੱਖਿਆ ਕਾਰਨਾਂ ਕਰ ਕੇ ਕੀਤਾ ਗਿਆ ਹੈ।

ਮਮਦੋਟ (ਜਸਵੰਤ ਸਿੰਘ ਥਿੰਦ): ਬਲਾਕ ਮਮਦੋਟ ਅਧੀਨ ਪੈਂਦੇ ਸਰਹੱਦੀ ਪਿੰਡ ਸੇਠਾਂ ਵਾਲਾ, ਦੋਨਾ ਰਹਿਮਤ ਵਾਲਾ, ਜੱਲੋ ਕੇ ਸਣੇ ਹੋਰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਪੀੜਤ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਕੇਂਦਰੀ ਜਲ ਸਰੋਤ ਮੰਤਰੀ ਰਾਜ ਭੂਸ਼ਨ ਚੌਧਰੀ ਤੇ ਰਾਣਾ ਗੁਰਮੀਤ ਸਿੰਘ ਸੋਢੀ ਪੁੱਜੇ। ਹੜ੍ਹ ਪੀੜਤ ਕਿਸਾਨਾਂ ਕਾਲਾ ਸਿੰਘ ਸੇਠਾਂ ਵਾਲਾ, ਜੋਗਿੰਦਰ ਸਿੰਘ, ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਾਲ ਸਤਲੁਜ ਦਰਿਆ ਕਾਰਨ ਮਾਰ ਪੈਂਦੀ ਹੈ। ਮੰਤਰੀ ਰਾਜ ਭੂਸ਼ਨ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਕੇਂਦਰ ਤੱਕ ਪਹੁੰਚਾਉਣਗੇ।

Advertisement
Show comments