ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦਾ ਖ਼ਤਰਾ/ ਪੌਂਗ ਡੈਮ ’ਚ ਨਹੀਂ ਘਟਿਆ ਪਾਣੀ ਦਾ ਪੱਧਰ

ਬੀਬੀਐੱਮਬੀ ਵੱਲੋਂ ਮੁੱਖ ਇੰਜਨੀਅਰਾਂ ਨਾਲ ਮੀਟਿੰਗ; ਪੰਜਾਬ ’ਚ ਕਈ ਥਾਵਾਂ ’ਤੇ ਮੀਂਹ
ਸੰਗਰੂਰ ਜ਼ਿਲ੍ਹੇ ’ਚੋਂ ਲੰਘਦੇ ਘੱਗਰ ’ਚ ਵਧਿਆ ਪਾਣੀ ਦਾ ਪੱਧਰ।
Advertisement

ਚਰਨਜੀਤ ਭੁੱਲਰ

ਬਿਆਸ ਦਰਿਆ ਵਿੱਚ ਪਾਣੀ ਛੱਡਣ ਦੇ ਬਾਵਜੂਦ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਘੱਟ ਨਹੀਂ ਰਿਹਾ। ਉੱਪਰੋਂ ਅੱਜ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਮੀਂਹ ਪੈਣ ਨਾਲ ਲੋਕਾਂ ਦੇ ਫ਼ਿਕਰ ਵਧਣ ਲੱਗੇ ਹਨ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਅੱਜ ਪੰਜਾਬ ’ਚ ਹੜ੍ਹਾਂ ਦੀ ਸਥਿਤੀ ਸਬੰਧੀ ਮੁੱਖ ਇੰਜਨੀਅਰਾਂ ਨਾਲ ਮੀਟਿੰਗ ਵੀ ਕੀਤੀ ਗਈ। ਭਾਖੜਾ ਡੈਮ ਅਤੇ ਪੌਂਗ ਡੈਮ ਵਿੱਚ ਪਹਾੜਾਂ ਵਿੱਚੋਂ ਆ ਰਿਹਾ ਪਾਣੀ ਰੁਕ ਨਹੀਂ ਰਿਹਾ। ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ’ਤੇ ਬਿਆਸ ਦਰਿਆ ਵਿੱਚ 40 ਹਜ਼ਾਰ ਕਿਊਸਕ ਪਾਣੀ ਚੱਲ ਰਿਹਾ ਹੈ। ਇਸ ਦੇ ਬਾਵਜੂਦ ਪੌਂਗ ਡੈਮ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ। ਪੌਂਗ ਡੈਮ ਵਿਚ ਅੱਜ ਪਾਣੀ ਦਾ ਪੱਧਰ 1376 ਫੁੱਟ ਹੈ ਅਤੇ ਪਹਾੜਾਂ ਵਿੱਚੋਂ ਰੋਜ਼ਾਨਾ 45 ਹਜ਼ਾਰ ਕਿਊਸਕ ਪਾਣੀ ਪੁੱਜ ਰਿਹਾ ਹੈ। ਬੇਸ਼ੱਕ ਪਾਣੀ ਦੀ ਆਮਦ ਵਿੱਚ ਹਲਕਾ ਸੁਧਾਰ ਹੋਇਆ ਹੈ ਪਰ ਪਾਣੀ ਦਾ ਪੱਧਰ ਘਟਿਆ ਨਹੀਂ ਹੈ। ਬਿਆਸ ਦਰਿਆ ਵਿੱਚ ਪਾਣੀ ਛੱਡਣ ਕਰਕੇ ਮਾਝੇ ਤੇ ਦੋਆਬੇ ਦੇ ਕਈ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਸਹਿਮ ਹੈ। ਇਸੇ ਤਰ੍ਹਾਂ ਹੀ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਘੱਟ ਨਹੀਂ ਰਹੀ। ਭਾਖੜਾ ਡੈਮ ’ਚ ਪਾਣੀ ਦਾ ਪੱਧਰ 1642.63 ਫੁੱਟ ’ਤੇ ਪੁੱਜ ਗਿਆ ਹੈ।

Advertisement

ਭਾਖੜਾ ਡੈਮ ਵਿੱਚ ਲੰਘੇ ਕੱਲ੍ਹ 90 ਹਜ਼ਾਰ ਕਿਊਸਕ ਪਾਣੀ ਪੁੱਜ ਰਿਹਾ ਸੀ ਪਰ ਅੱਜ ਇੱਥੇ 67 ਹਜ਼ਾਰ ਕਿਊਸਕ ਪਾਣੀ ਦੀ ਆਮਦ ਹੋਈ ਹੈ ਜਦੋਂਕਿ ਸਵੇਰ ਇਹ ਆਮਦ 35 ਹਜ਼ਾਰ ਕਿਊਸਕ ਦੀ ਸੀ। ਇਸ ਵੇਲੇ ਪੰਜਾਬ ਵਿਚ ਸਭ ਤੋਂ ਵੱਧ ਹੜ੍ਹਾਂ ਦੀ ਮਾਰ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਈ ਹੋਈ ਹੈ। ਜਲ ਸਰੋਤ ਵਿਭਾਗ ਨੇ ਫ਼ਾਜ਼ਿਲਕਾ ਜ਼ਿਲ੍ਹੇ ਦੀਆਂ ਸਾਰੀਆਂ ਨਹਿਰਾਂ ਚਾਰ ਦਿਨ ਬੰਦ ਰੱਖੀਆਂ ਹਨ ਤਾਂ ਜੋ ਪੰਪਾਂ ਨਾਲ ਹੜ੍ਹਾਂ ਦਾ ਪਾਣੀ ਨਹਿਰਾਂ ਵਿੱਚ ਪਾਇਆ ਜਾ ਸਕੇ।

ਫ਼ਾਜ਼ਿਲਕਾ ਜ਼ਿਲ੍ਹੇ ’ਚ ਹੜ੍ਹਾਂ ਦੀ ਮਾਰ ਕਰਕੇ ਫ਼ਸਲ ਪ੍ਰਭਾਵਿਤ ਹੋਈ ਹੈ ਅਤੇ ਲੋਕ ਵੀ ਡਰੇ ਹੋਏ ਹਨ। ਘੱਗਰ ਵਿੱਚ ਪਾਣੀ ਦੀ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਅੱਜ ਪਾਣੀ ਸਿਰਫ਼ ਤਿੰਨ ਹਜ਼ਾਰ ਕਿਊਸਕ ਰਹਿ ਗਿਆ ਹੈ। ਬਾਰਸ਼ ਕਾਰਨ ਅੱਜ ਸੰਗਰੂਰ ਪ੍ਰਸ਼ਾਸਨ ਨੇ ਘੱਗਰ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਹੈ। ਮੂਨਕ ਸਬ ਡਿਵੀਜ਼ਨ ਦੇ ਘੱਗਰ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਘੱਗਰ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਵਿਚ ਮੀਂਹ ਪੈਣ ਕਾਰਨ ਪੰਜਾਬ ਸਰਕਾਰ ਦੇ ਫ਼ਿਕਰ ਜਿਉਂ ਦੇ ਤਿਉਂ ਹਨ। 9 ਤੋਂ 11 ਅਗਸਤ ਤੱਕ ਭਾਰੀ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਪੇਸ਼ੀਨਗੋਈ ਕੀਤੀ ਹੈ। ਅੱਜ ਕੁੱਝ ਹਿੱਸਿਆ ਵਿੱਚ ਦੇਰ ਸ਼ਾਮ ਮੀਂਹ ਪਿਆ ਹੈ। ਜੇ ਬਾਰਸ਼ ਜਾਰੀ ਰਹੀ ਤਾਂ ਮਾਝੇ ਅਤੇ ਦੁਆਬੇ ਵਿੱਚ ਹਾਲਤ ਬਦਤਰ ਹੋ ਸਕਦੇ ਹਨ। ਅੱਜ ਦੇਰ ਸ਼ਾਮ ਚੰਡੀਗੜ੍ਹ ਨੇੜਲੇ ਖੇਤਰਾਂ ਵਿੱਚ ਮੀਂਹ ਪਿਆ। ਨੰਗਲ ਤੇ ਨੂਰਪੁਰ ਬੇਦੀ ਦੇ ਇਲਾਕੇ ਵਿੱਚ ਬਾਰਸ਼ ਹੋਈ। ਜਲ ਸਰੋਤ ਵਿਭਾਗ ਨੇ ਹੜ੍ਹਾਂ ਦੇ ਮੱਦੇਨਜ਼ਰ ਅਗਾਊਂ ਪ੍ਰਬੰਧ ਕੀਤੇ ਹੋਏ ਹਨ ਅਤੇ ਹਰ ਜ਼ਿਲ੍ਹੇ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਹਨ। ਜਲ ਸਰੋਤ ਵਿਭਾਗ ਦੇ ਮੰਤਰੀ ਬਰਿੰਦਰ ਕੁਮਾਰ ਗੋਇਲ ਆਖ ਚੁੱਕੇ ਹਨ ਕਿ ਕਿਸੇ ਵੀ ਅਣਸੁਖਾਵੀਂ ਸਥਿਤੀ ਵਿੱਚ ਕੰਟਰੋਲ ਰੂਮ ’ਤੇ ਸੰਪਰਕ ਕੀਤਾ ਜਾਵੇ।

Advertisement