ਹੜ੍ਹਾਂ ਦਾ ਖਤਰਾ: ਭਾਖੜਾ ਤੇ ਪੌਂਗ ਡੈਮ ਦੇ ਮੁੜ ਖੁੱਲ੍ਹਣਗੇ ਫਲੱਡ ਗੇਟ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ 6-7 ਅਕਤੂਬਰ ਨੂੰ ਸੰਭਾਵੀ ਭਾਰੀ ਮੀਂਹ ਦੇ ਮੱਦੇਨਜ਼ਰ ਪੌਂਗ ਡੈਮ ਅਤੇ ਭਾਖੜਾ ਡੈਮ ਤੋਂ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ। ਬੋਰਡ ਵੱਲੋਂ ਅੱਜ ਸੱਦੀ ਐਮਰਜੈਂਸੀ ਮੀਟਿੰਗ ਵਿੱਚ ਭਲਕੇ ਸ਼ਨਿਚਰਵਾਰ ਨੂੰ 12 ਵਜੇ ਭਾਖੜਾ ਅਤੇ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਦੱਸਣਯੋਗ ਹੈ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਹੁਣ ਚੌਕਸੀ ਵਧਾ ਦਿੱਤੀ ਹੈ ਅਤੇ ਕਈ ਸਰਹੱਦੀ ਜ਼ਿਲ੍ਹਿਆਂ ਵਿੱਚ ਅਲਰਟ ਵੀ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਪੰਜਾਬ, ਜੰਮੂ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ ਜਿਸ ਦੇ ਨਾਲ ਪੰਜਾਬ ਵਿੱਚ ਮੁੜ ਹੜ੍ਹਾਂ ਦਾ ਖਤਰਾ ਬਣ ਗਿਆ ਹੈ।
ਵੇਰਵੇ ਅਨੁਸਾਰ ਭਾਖੜਾ ਡੈਮ ਤੋਂ ਇਸ ਵੇਲੇ 27,000 ਕਿਊਸਿਕ ਅਤੇ ਪੌਂਗ ਡੈਮ ਤੋਂ 17,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।
ਬੀ.ਬੀ.ਐਮ.ਬੀ. ਦੀ ਅੱਜ ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਅੱਜ ਦੁਪਹਿਰ 2 ਵਜੇ ਭਾਖੜਾ ਡੈਮ ਤੋਂ ਪਾਣੀ 27,000 ਕਿਊਸਿਕ ਤੋਂ ਵਧਾ ਕੇ 36,000 ਕਿਊਸਿਕ ਛੱਡਿਆ ਜਾਵੇਗਾ।
ਇਸੇ ਡੈਮ ਤੋਂ ਸ਼ਨਿੱਚਰਵਾਰ ਨੂੰ 12 ਵਜੇ ਤੋਂ 43,000 ਕਿਊਸਿਕ ਪਾਣੀ ਛੱਡਿਆ ਜਾਵੇਗਾ।
ਰਣਜੀਤ ਸਾਗਰ ਡੈਮ ਤੋਂ ਲੰਘੇ ਕੱਲ੍ਹ ਤੋਂ ਹੀ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਸੀ, ਤਾਂ ਜੋ ਡੈਮ ਵਿੱਚ ਪਹਾੜਾਂ ਤੋਂ ਆਉਣ ਵਾਲੇ ਪਾਣੀ ਦੀ ਜਗ੍ਹਾ ਬਣਾਈ ਜਾ ਸਕੇ।
ਵੇਰਵਿਆਂ ਅਨੁਸਾਰ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਖਾਸ ਕਰਕੇ ਸਰਹੱਦੀ ਜ਼ਿਲ੍ਹਿਆਂ ਦੇ ਲੋਕਾਂ ਵਿੱਚ ਮੁੜ ਖੌਂਫ ਪੈਦਾ ਹੋ ਗਿਆ ਹੈ। ਕਿਸਾਨਾਂ ਵੱਲੋਂ ਖੇਤਾਂ ਵਿੱਚੋਂ ਰੇਤ ਹਟਾਏ ਜਾਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਸੀ। ਹੁਣ ਫਿਰ ਹੜ੍ਹਾਂ ਦੇ ਖਤਰੇ ਨੇ ਅਗਲੀ ਹਾੜ੍ਹੀ ਦੀ ਫਸਲ ਦੀ ਤਿਆਰੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਹੈ।