ਪੰਜਾਬ ’ਚ ਹੜ੍ਹਾਂ ਦੀ ਸਥਿਤੀ ਸੁਧਰਨ ਲੱਗੀ
ਪੰਜਾਬ ’ਚ ਬੀਤੇ ਦੋ ਦਿਨਾਂ ਤੋਂ ਹੜ੍ਹਾਂ ਦੀ ਸਥਿਤੀ ’ਚ ਸੁਧਾਰ ਦੇਖਣ ਨੂੰ ਮਿਲਿਆ ਹੈ। ਡੈਮਾਂ ਤੇ ਦਰਿਆਵਾਂ ’ਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ ਜਦੋਂ ਕਿ ਘੱਗਰ ਦਾ ਖ਼ਤਰਾ ਹਾਲੇ ਵੀ ਬਰਕਰਾਰ ਹੈ। ਮੌਸਮ ਵਿਭਾਗ ਨੇ ਕੋਈ ਅਲਰਟ ਜਾਰੀ ਨਹੀਂ ਕੀਤਾ ਹੈ ਪਰ ਜੇ ਆਉਂਦੇ ਦਿਨਾਂ ’ਚ ਮੀਂਹ ਨਾ ਪਿਆ ਤਾਂ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਜ਼ਿੰਦਗੀ ਮੁੜ ਲੀਹ ’ਤੇ ਆਉਣੀ ਸ਼ੁਰੂ ਹੋ ਜਾਵੇਗੀ। ਪਿਛਲੇ ਕੁਝ ਦਿਨਾਂ ’ਚ ਇਹ ਪਹਿਲੀ ਵਾਰ ਹੈ ਜਦੋਂ ਪਾਣੀ ਦੀ ਪਹਾੜਾਂ ’ਚੋਂ ਵੀ ਆਮਦ ਘਟੀ ਹੈ।
ਪੰਜਾਬ ’ਚ ਹੁਣ ਤੱਕ ਹੜ੍ਹਾਂ ਤੇ ਮੀਂਹ ਕਾਰਨ 51 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 3.87 ਲੱਖ ਲੋਕ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਹਨ। ਸਰਕਾਰ ਅਨੁਸਾਰ 23015 ਲੋਕਾਂ ਨੂੰ ਪਾਣੀ ’ਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਹੁਣ ਤੱਕ ਹੜ੍ਹਾਂ ਤੇ ਮੀਂਹ ਨਾਲ 1.84 ਲੱਖ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਪਾਣੀ ਦਾ ਪੱਧਰ ਘਟਣ ਦੇ ਨਾਲ ਹੀ ਬਿਮਾਰੀਆਂ ਦਾ ਖ਼ਤਰਾ ਵਧ ਗਿਆ ਹੈ ਜਿਸ ਕਾਰਨ ਸਿਹਤ ਮਹਿਕਮੇ ਨੇ ਮੁਸਤੈਦੀ ਵਧਾ ਦਿੱਤੀ ਹੈ। ਦਰਿਆਵਾਂ ਨੇੜਲੇ ਜਿਨ੍ਹਾਂ ਪਿੰਡਾਂ ’ਚ ਪਾਣੀ ਘਟ ਗਿਆ ਹੈ, ਉਨ੍ਹਾਂ ’ਚ ਲੋਕ ਪਰਤਣੇ ਸ਼ੁਰੂ ਹੋ ਗਏ ਹਨ।
ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਸਥਿਤੀ ਹੁਣ ਕੰਟਰੋਲ ਹੇਠ ਆ ਗਈ ਹੈ ਅਤੇ ਮੌਸਮ ਵਿਭਾਗ ਨੇ ਵੀ ਮੀਂਹ ਦੀ ਕੋਈ ਪੇਸ਼ੀਨਗੋਈ ਨਹੀਂ ਕੀਤੀ ਹੈ। ਵੇਰਵਿਆਂ ਅਨੁਸਾਰ ਪਟਿਆਲਾ ਅਤੇ ਲੁਧਿਆਣਾ ਜ਼ਿਲ੍ਹਿਆਂ ’ਚ ਹਾਲੇ ਪਾਣੀ ਨੇ ਲੋਕਾਂ ਨੂੰ ਭੈਅ ਮੁਕਤ ਨਹੀਂ ਕੀਤਾ ਹੈ। ਜਲ ਸਰੋਤ ਵਿਭਾਗ ਨੇ ਮੂਨਕ ਤੇ ਆਸ ਪਾਸ ਦੇ ਖੇਤਰਾਂ ’ਚ ਘੱਗਰ ’ਤੇ ਦਿਨ-ਰਾਤ ਦੀ ਪੈਟਰੋਲਿੰਗ ਸ਼ੁਰੂ ਕਰ ਦਿੱਤੀ ਹੈ। ਘੱਗਰ ’ਚ ਸਰਦੂਲਗੜ੍ਹ ਨੇੜੇ ਪੰਜ ਹਜ਼ਾਰ ਕਿਊਸਕ ਪਾਣੀ ਘਟ ਗਿਆ ਹੈ। ਟਾਂਗਰੀ ਅਤੇ ਮਾਰਕੰਡਾ ਦਾ ਪਾਣੀ ਹੀ ਘੱਗਰ ਨੂੰ ਸਾਹ ਨਹੀਂ ਲੈਣ ਦੇ ਰਿਹਾ ਹੈ ਜਦੋਂ ਕਿ ਪਹਾੜਾਂ ਤੋਂ ਪਾਣੀ ਘੱਗਰ ’ਚ ਆਉਣਾ ਕਾਫ਼ੀ ਘਟ ਗਿਆ ਹੈ। ਸਤਲੁਜ ਦਾ ਪਾਣੀ ਹਾਲੇ ਤੰਗ ਕਰ ਰਿਹਾ ਹੈ। ਇਸ ਦਰਿਆ ਦੇ ਕਈ ਬੰਨ੍ਹਾਂ ’ਤੇ ਖ਼ਤਰਾ ਬਰਕਰਾਰ ਹੈ। ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ’ਚ ਵੀ ਹੜ੍ਹਾਂ ਦਾ ਪਾਣੀ ਫਿਰ ਰਿਹਾ ਹੈ। ਪੌਂਗ ਡੈਮ ਖ਼ਤਰੇ ਦੇ ਨਿਸ਼ਾਨ ਤੋਂ ਸਾਢੇ ਚਾਰ ਫੁੱਟ ਤੱਕ ਉਪਰ ਚਲਾ ਗਿਆ ਸੀ ਪਰ ਹੁਣ ਹੇਠਾਂ ਆ ਗਿਆ ਹੈ। ਪੌਂਗ ਡੈਮ ’ਚ ਪਹਾੜਾਂ ’ਚੋਂ ਪਾਣੀ ਸਿਰਫ਼ 37 ਹਜ਼ਾਰ ਕਿਊਸਕ ਹੀ ਰਹਿ ਗਿਆ ਹੈ ਅਤੇ ਇਸ ਡੈਮ ’ਚੋਂ ਬਿਆਸ ’ਚ ਹੁਣ 60 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਕਰੀਬ ਵੀਹ ਹਜ਼ਾਰ ਕਿਊਸਕ ਪਾਣੀ ਦੀ ਕਟੌਤੀ ਕੀਤੀ ਗਈ ਹੈ। ਭਾਖੜਾ ਡੈਮ ’ਚ ਪਾਣੀ ਦਾ ਪੱਧਰ ਘੱਟ ਗਿਆ ਹੈ ਅਤੇ ਇਸ ਡੈਮ ’ਚੋਂ 65 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਜਦੋਂ ਕਿ ਰਣਜੀਤ ਸਾਗਰ ਡੈਮ ’ਚੋਂ ਸਿਰਫ਼ 26 ਹਜ਼ਾਰ ਕਿਊਸਕ ਪਾਣੀ ਹੀ ਛੱਡਿਆ ਜਾ ਰਿਹਾ ਹੈ।