Flood Situation in Punjab: ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ, BBMB ਵੱਲੋਂ ਚੇਤਾਵਨੀ ਜਾਰੀ
ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਡੈਮ ਦੀ ਸਮਰੱਥਾ ਦੇ ਨੇੜੇ ਤੱਕ ਆ ਜਾਣ ਕਾਰਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (Bhakra Beas Management Board - BBMB) ਨੇ ਅੱਜ ਇੱਕ ਨਿਯੰਤਰਿਤ ਤਰੀਕੇ ਨਾਲ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ।
ਸੀਨੀਅਰ ਡਿਜ਼ਾਈਨ ਇੰਜੀਨੀਅਰ, ਜਲ ਨਿਯਮ, ਬੀਬੀਐਮਬੀ ਨੰਗਲ ਦੁਆਰਾ ਜਾਰੀ ਸ਼ਡਿਊਲ ਅਨੁਸਾਰ, ਡੈਮ ਦੇ ਫਲੱਡ ਗੇਟ ਬਾਅਦ ਦੁਪਹਿਰ 3 ਵਜੇ ਖੋਲ੍ਹੇ ਗਏ। ਪਹਿਲੇ ਪੜਾਅ ਵਿੱਚ ਫਲੱਡ ਗੇਟ ਇੱਕ ਫੁੱਟ ਤੱਕ ਖੋਲ੍ਹੇ ਗਏ ਸਨ, ਦੂਜੇ ਪੜਾਅ ਵਿੱਚ ਦੋ ਫੁੱਟ ਤੱਕ ਪਾਣੀ ਛੱਡਿਆ ਜਾਵੇਗਾ। ਤੀਜੇ ਪੜਾਅ ਵਿੱਚ ਰੇਡੀਅਲ ਅਤੇ ਹੜ੍ਹ ਕੰਟਰੋਲ ਗੇਟਾਂ ਸਮੇਤ ਤਿੰਨ ਫੁੱਟ ਤੱਕ ਪਾਣੀ ਖੋਲ੍ਹ ਦਿੱਤਾ ਜਾਵੇਗਾ।
ਬੀਬੀਐਮਬੀ ਪ੍ਰਸ਼ਾਸਨ ਨੇ ਅਧਿਕਾਰੀਆਂ ਨੂੰ ਪਾਣੀ ਛੱਡਣ ਦੀ ਪ੍ਰਕਿਰਿਆ ਨੂੰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਯੋਜਨਾ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇੱਥੇ ਸੂਤਰਾਂ ਨੇ ਦੱਸਿਆ ਕਿ ਬੀਬੀਐਮਬੀ ਵੱਲੋਂ ਬਣਾਏ ਗਏ ਨਿਯਮਾਂ ਅਨੁਸਾਰ 19 ਅਗਸਤ ਤੱਕ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1662 ਫੁੱਟ ਹੋਣਾ ਚਾਹੀਦਾ ਸੀ। ਹਾਲਾਂਕਿ, ਅੱਜ ਇਹ 1665 ਫੁੱਟ ਸੀ ਜੋ ਕਿ ਮਿਥੇ ਨਿਯਮਾਂ ਤੋਂ 3 ਫੁੱਟ ਵੱਧ ਸੀ। ਇਸ ਤੋਂ ਇਲਾਵਾ 24 ਅਤੇ 25 ਅਗਸਤ ਨੂੰ ਸਤਲੁਜ ਕੈਚਮੈਂਟ ਖੇਤਰ ਵਿੱਚ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਦੀਆਂ ਭਵਿੱਖਬਾਣੀਆਂ ਨੇ ਸਤੰਬਰ ਦੇ ਮਹੀਨੇ ਵਿੱਚ ਭਾਰੀ ਬਾਰਿਸ਼ ਹੋਣ ਦਾ ਵੀ ਸੰਕੇਤ ਦਿੱਤਾ ਹੈ।
ਹੋਰ ਪੜ੍ਹੋ:
Flood Situation in Punjab: ਬਿਆਸ ਦੇ ਹੜ੍ਹ ਨੇ ਮੰਡ ’ਚ ਮਚਾਈ ਤਬਾਹੀ; ਕਈ ਪਿੰਡ ਡੁੱਬੇ, ਫਸਲਾਂ ਬਰਬਾਦ
ਸੁਖਨਾ ਝੀਲ ਦੇ ਦੋ ਫਲੱਡ ਗੇਟ ਖੋਲ੍ਹੇ; ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਟੱਪਿਆ
ਸੂਤਰਾਂ ਨੇ ਅੱਗੇ ਕਿਹਾ ਕਿ ਬੀਬੀਐਮਬੀ ਅੱਜ ਭਾਖੜਾ ਡੈਮ ਤੋਂ ਲਗਭਗ 45000 ਕਿਊਸਿਕ ਪਾਣੀ ਛੱਡੇਗਾ ਤਾਂ ਜੋ ਪਾਣੀ ਦਾ ਪੱਧਰ 1662 ਫੁੱਟ ਤੱਕ ਹੇਠਾਂ ਆ ਸਕੇ। ਇਸ ਵਿੱਚੋਂ 22000 ਕਿਊਸਿਕ ਸਤਲੁਜ ਦਰਿਆ ਦੇ ਕੁਦਰਤੀ ਵਹਾਅ ਵਿੱਚ ਛੱਡਿਆ ਜਾਵੇਗਾ ਜਿਸ ਵਿੱਚੋਂ ਬਾਕੀ 23000 ਕਿਊਸਿਕ ਨੰਗਲ ਹਾਈਡਲ ਨਹਿਰ ਵਿੱਚ ਛੱਡਿਆ ਜਾਵੇਗਾ ਜੋ ਅਗਾਂਹ ਭਾਖੜਾ ਮੁੱਖ ਲਾਈਨ ਅਤੇ ਆਨੰਦਪੁਰ ਸਾਹਿਬ ਹਾਈਡਲ ਨਹਿਰ ਨਾਲ ਜੁੜਦੀ ਹੈ ਤੇ ਅੰਤ ਵਿੱਚ ਕੀਰਤਪੁਰ ਸਾਹਿਬ ਦੇ ਨੇੜੇ ਸਤਲੁਜ ਦਰਿਆ ਵਿੱਚ ਮਿਲਦੀ ਹੈ।