ਹੜ੍ਹ ਦੀ ਮਾਰ ਹੇਠਲੇ ਪਿੰਡ ਵਾਸੀ ਸਰਕਾਰ ਤੋਂ ਖਫ਼ਾ
ਪ੍ਰਸ਼ਾਸਨ ’ਤੇ ਰਾਹਤ ਸਮੱਗਰੀ ਨਾ ਭੇਜਣ ਦੇ ਲਗਾਏ ਦੋਸ਼
Advertisement
ਦਰਿਆ ਬਿਆਸ ’ਚ ਪਾਣੀ ਦਾ ਪੱਧਰ ਵਧਣ ਉਪਰੰਤ 16 ਪਿੰਡਾਂ ’ਚ ਤਬਾਹੀ ਮਚਾਉਣ ਦੀ ਸੂਚਨਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਮੰਡ ਬਾਊਪੁਰ ਪੁਲ ਤੋਂ ਹੜ੍ਹ ਪੀੜਤ ਲੋਕਾਂ ਨੂੰ ਸਾਰੀਆਂ ਸੁਵਿਧਾਵਾਂ ਦੇਣ ਦੇ ਦਾਅਵੇ ਕਰਨ ਦੇ ਬਾਵਜੂਦ ਕਈ ਪਿੰਡਾਂ ਦੇ ਲੋਕਾਂ ਤੱਕ ਇਹ ਸੁਵਿਧਾ ਨਾ ਪਹੁੰਚਣ ਕਾਰਨ ਲੋਕਾਂ ਵਿੱਚ ਰੋਹ ਵੱਧ ਰਿਹਾ ਹੈ।ਪਿੰਡਾਂ ਖਿਜਰਪੁਰ ,ਚੌਧਰੀਵਾਲ, ਮੁਹੰਮਦ ਆਲਮ ਖਾਂ, ਮਹੀਵਾਲ, ਸ਼ੇਰਪੁਰ, ਮੰਡ ਧੂੰਦਾ, ਮੰਡ ਪ੍ਰਤਾਪਪੁਰਾ ਦੇ ਹੜ੍ਹ ਪੀੜਤ ਕਿਸਾਨ ਆਗੂ ਅਮਰ ਸਿੰਘ ਮੰਡ, ਹਰਨੇਕ ਸਿੰਘ, ਸੁਖਦੇਵ ਸਿੰਘ, ਹਰਦੀਪ ਸਿੰਘ, ਵਜ਼ੀਰ ਸਿੰਘ ਨੇ ਕਿਹਾ ਕਿ ਮੰਡ ਬਾਊਪੁਰ ਜਦੀਦ ਦੇ ਨਜ਼ਦੀਕ ਬੰਨ੍ਹ ਟੁੱਟਣ ਕਾਰਨ ਸਾਰਾ ਹੀ ਇਹ ਖੇਤਰ ਪਾਣੀ ਦੀ ਮਾਰ ਹੇਠ ਆਇਆ ਹੋਇਆ ਹੈ। ਚਾਰੇ ਪਾਸੇ ਪਾਣੀ ਹੀ ਪਾਣੀ ਹੈ। ਫਸਲਾਂ ਡੁੱਬ ਕੇ ਬਰਬਾਦ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਜੋ ਵੀ ਰਾਹਤ ਸਮੱਗਰੀ ਪ੍ਰਸ਼ਾਸਨ ਜਾਂ ਕਿਸੇ ਵੀ ਸੰਸਥਾ ਤੋਂ ਭੇਜੀ ਜਾਂਦੀ ਹੈ ਉਹ ਮੰਡ ਬਾਊਪੁਰ ਜਦੀਦ ਪੁਲ ਤੋਂ ਹੋ ਕੇ ਹੀ ਚਲੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅੱਜ 11 ਦਿਨਾਂ ਤੋਂ ਸਾਡੇ ਪਿੰਡਾਂ ’ਚ ਕੋਈ ਵੀ ਪ੍ਰਸ਼ਾਸਨਿਕ ਅਮਲਾ ਨਹੀਂ ਪਹੁੰਚਿਆ ਤੇ ਨਾ ਹੀ ਕਿਸੇ ਅਧਿਕਾਰੀ ਨੇ ਸਾਡੀ ਸਾਰ ਲਈ ਹੈ। ਮੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਸਾਡੇ ਲੋਕਾਂ ਦਾ ਦੁੱਖ ਦਰਦ ਨਹੀਂ ਬਲਕਿ ਸਿਰਫ ਲੋਕਾਂ ਦੀ ਨਜ਼ਰ ’ਚ ਆਪਣੇ ਆਪ ਨੂੰ ਬਚਾਉਣਾ ਚਾਹੁੰਦਾ ਹੈ।
ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੇ ਤੱਕ ਰਾਹਤ ਪਹੁੰਚਾਈ ਜਾਵੇ ਅਤੇ ਫਸਲਾਂ ਦੀ ਵੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਕੁਝ ਲੋਕਾਂ ਦੇ ਘਰ ਢਹਿ ਗਏ ਹਨ। ਸਰਕਾਰੀ ਸਹਾਇਤਾ ਨਾ ਮਿਲਣ ਕਾਰਨ ਉਹ ਸਰਕਾਰ ਤੋਂ ਖਫ਼ਾ ਹਨ। ਇਸ ਸਬੰਧੀ ਡੀਸੀ ਕਪੂਰਥਲਾ ਅਮਿਤ ਕੁਮਾਰ ਪੰਚਾਲ, ਏਡੀਸੀ ਨਵਨੀਤ ਕੌਰ ਬੱਲ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਹਰੇਕ ਸੁਵਿਧਾ ਹੜ੍ਹ ਪੀੜਤ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ। ਐੱਸਡੀਆਰਐੱਫ ਦੀਆਂ ਟੀਮਾਂ ਰੈਸਕਿਊ ਕਰਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਆ ਰਹੀਆਂ ਹਨ। ਪੀੜਤਾਂ ਤੱਕ ਲੋੜੀਂਦਾ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕਿਸੇ ਪਾਸੇ ਕੋਈ ਕਮੀ ਹੋਵੇਗੀ ਉਸ ਨੂੰ ਵੀ ਦੂਰ ਕਰ ਦਿੱਤਾ ਜਾਵੇਗਾ।
Advertisement
Advertisement