ਹੜ੍ਹ: ਉਸਾਰੀ ਕਿਰਤੀਆਂ ਦੇ ਡਿੱਗੇ ਮਕਾਨਾਂ ਦਾ ਇੱਕ ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ
ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੇ ਪੰਜਾਬ ਦੇ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਅਤੇ ਜ਼ਿਲ੍ਹਾ ਪ੍ਰਧਾਨ ਜੰਮੂ ਰਾਮ ਬਣਨ ਵਾਲਾ ਨੇ ਦੱਸਿਆ ਕਿ ਅਸਿਸਟੈਂਟ ਲੇਬਰ ਕਮਿਸ਼ਨਰ ਨਾਲ ਚੱਲੀ ਇਕ ਘੰਟਾ ਮੀਟਿੰਗ ਵਿੱਚ ਏਐੱਲਸੀ ਵੱਲੋਂ ਵਿਸ਼ਵਾਸ ਦਵਾਇਆ ਗਿਆ ਹੈ ਕਿ ਉਨ੍ਹਾਂ ਦੇ ਸਾਰੇ ਮਸਲੇ ਤੁਰੰਤ ਹੱਲ ਕੀਤੇ ਜਾਣਗੇ। ਸਾਥੀ ਢਾਬਾਂ ਅਤੇ ਬੰਨ ਵਾਲਾ ਨੇ ਕਿਹਾ ਕਿ ਹੜ੍ਹਾਂ ਕਾਰਨ ਸੈਂਕੜੇ ਉਸਾਰੀ ਕਿਰਤੀਆਂ ਦੇ ਕੱਚੇ ਅਤੇ ਪੱਕੇ ਮਕਾਨ ਡਿੱਗ ਗਏ ਹਨ ਜਾਂ ਕੁਝ ਮਕਾਨ ਨੁਕਸਾਨੇ ਜਾ ਚੁੱਕੇ ਹਨ। ਉਨ੍ਹਾਂ ਦਾ ਬੀਓਸੀ ਡਬਲਿਊ ਐਕਟ ਤਹਿਤ ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦਾ ਦਿੱਤਾ ਜਾਣ ਵਾਲਾ ਇਕ ਲੱਖ ਰੁਪਏ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਗਈ ਹੈ।
ਆਗੂਆਂ ਨੇ ਮੰਗ ਕੀਤੀ ਕਿ ਕਰੋਨਾ ਕਾਲ ਦੌਰਾਨ ਉਸਾਰੀ ਕਿਰਤੀਆਂ ਦਾ ਬਿਲਕੁਲ ਕੰਮ ਕਾਰ ਠੱਪ ਹੋਣ ਕਾਰਨ ਉਸ ਵਕਤ ਬੋਰਡ ਵੱਲੋਂ ਉਸਾਰੀ ਕਿਰਤੀ ਲਾਭਪਾਤਰੀ ਨੂੰ ਸਹਾਇਤਾ ਰਾਸ਼ੀ ਦਿੱਤੀ ਗਈ ਸੀ, ਉਸ ਦੀ ਤਰਜ ’ਤੇ ਹੜ੍ਹ ਪ੍ਰਭਾਵਿਤ ਉਸਾਰੀ ਕਿਰਤੀਆਂ ਨੂੰ ਪ੍ਰਤੀ ਮਹੀਨਾ 10 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਵਜੋਂ ਦਿੱਤਾ ਜਾਵੇ ਤਾਂ ਕਿ ਉਨ੍ਹਾਂ ਦੀ ਕੁਝ ਮਦਦ ਹੋ ਸਕੇ।
ਇਸ ਮੌਕੇ ਸਰਬ ਭਾਰਤ ਸਭਾ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀ ਵਾਲਾ ਅਤੇ ਬਲਾਕ ਜਲਾਲਾਬਾਦ ਤੇ ਮੀਤ ਪ੍ਰਧਾਨ ਸੋਨਾ ਸਿੰਘ ਧਮਕੀਆਂ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਦੇ ਧਿਆਨ ਵਿੱਚ ਆਇਆ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਨਾਲ ਸੰਬੰਧਿਤ ਕੁਝ ਵਿਦਿਅਕ ਅਦਾਰਿਆਂ ਵੱਲੋਂ ਵਜ਼ੀਫਿਆਂ ਦੇ ਫਾਰਮਾਂ ’ਤੇ ਤਸਦੀਕ ਕਰਨ ਤੋਂ ਇਸ ਲਈ ਮਨਾਹੀ ਕੀਤੀ ਜਾ ਰਹੀ ਹੈ ਕਿ ਵਿਦਿਆਰਥੀ ਡਬਲ ਵਜ਼ੀਫਾ ਨਹੀਂ ਲੈ ਸਕਦਾ, ਜਦੋਂ ਕਿ ਬੀਓਸੀਡਬਲਯੂ ਦੇ ਫੈਸਲੇ ਅਨੁਸਾਰ ਕੋਈ ਵੀ ਵਿਦਿਅਕ ਅਦਾਰਾ ਕਿਸੇ ਵੀ ਵਿਦਿਆਰਥੀ ਨੂੰ ਡਬਲ ਵਜ਼ੀਫਾ ਲੈਣ ਤੋਂ ਮਨਾਹੀ ਨਹੀਂ ਕਰ ਸਕਦਾ। ਇਸ ਸਬੰਧੀ ਅੱਜ ਉਨ੍ਹਾਂ ਇੱਕ ਲਿਖਤੀ ਪੱਤਰ ਏਐੱਲਸੀ ਨੂੰ ਦਿੱਤਾ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਵੱਲੋਂ ਵਿਦਿਅਕ ਅਦਾਰਿਆਂ ਨੂੰ ਪੱਤਰ ਜਾਰੀ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਮੌਕੇ ਸਰਬ ਭਾਰਤ ਨੌਜਵਾਨ ਸਭਾ ਬਲਾਕ ਜਲਾਲਾਬਾਦ ਦੇ ਮੀਤ ਸਕੱਤਰ ਧਰਮਿੰਦਰ ਮੁਰਕਵਾਲਾ, ਇਕਾਈ ਘੁਬਾਇਆ ਦੇ ਪ੍ਰਧਾਨ ਬਲਵਿੰਦਰ ਘੁਬਾਇਆ, ਬਲਾਕ ਅਰਨੀ ਵਾਲਾ ਤੋਂ ਅੰਜੂ ਬਾਲਾ ਭੀਮੇਸ਼ਾਹ ਜੰਡਵਾਲਾ, ਚਾਨਣ ਘੱਲੂ, ਅਜੇ ਘੁਬਾਇਆ, ਭਗਤ ਸਿੰਘ ਬੋਦੀ ਵਾਲਾ, ਖੁਸ਼ਵਿੰਦਰ ਅਤੇ ਰਾਜਪਾਲ ਕੌਰ ਭੀਮੇਸ਼ਾਹ ਜੰਡਵਾਲਾ ਹਾਜ਼ਰ ਸਨ।