ਸੜਕ ਹਾਦਸੇ ’ਚ ਦੋ ਲੜਕੀਆਂ ਸਣੇ ਪੰਜ ਮੌਤਾਂ
ਇਥੇ ਲਾਡੋਵਾਲ ਨੇੜੇ ਬੀਤੀ ਰਾਤ ਕਾਰ ਬੇਕਾਬੂ ਹੋ ਗਈ ਤੇ ਡਿਵਾਈਡਰ ਨਾਲ ਜਾ ਟਕਰਾਈ। ਇਸ ਮਗਰੋਂ ਕਾਰ ਨੇ ਕਈ ਪਲਟੀਆਂ ਖਾਧੀਆਂ, ਜਿਸ ਕਾਰਨ ਉਸ ’ਚ ਸਵਾਰ ਦੋ ਕੁੜੀਆਂ ਸਣੇ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਈਆਂ ਦੇ ਸਰੀਰ ਦੇ ਅੰਗ ਹੀ ਵੱਖ ਹੋ ਗਏ। ਕਾਰ ਪਲਟਦੀ ਦੇਖ ਮੌਕੇ ’ਤੇ ਮੌਜੂਦ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਕਿਸੇ ਤਰ੍ਹਾਂ ਕਾਰ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਤੇ ਮੌਕੇ ’ਤੇ ਲਾਡੋਵਾਲ ਥਾਣੇ ਦੀ ਪੁਲੀਸ ਨੂੰ ਫੋਨ ਕੀਤਾ। ਪੁਲੀਸ ਮੌਕੇ ’ਤੇ ਪੁੱਜੀ ਤਾਂ ਉਦੋਂ ਤੱਕ ਬਾਹਰ ਕੱਢੀਆਂ ਦੋ ਕੁੜੀਆਂ ਤੇ ਤਿੰਨ ਨੌਜਵਾਨਾਂ ਦੀ ਮੌਤ ਹੋ ਚੁੱਕੀ ਸੀ। ਪੁਲੀਸ ਨੇ ਜਾਂਚ ਤੋਂ ਬਾਅਦ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕਾਂ ਦੀ ਪਛਾਣ ਜਗਰਾਉਂ ਵਾਸੀ ਸਤਪਾਲ ਸਿੰਘ ਸੁੱਖਾ, ਵੀਰੂ, ਅਜੀਤ ਨਗਰ ਵਾਸੀ ਸਿਮਰਨ ਸਿੰਘ, ਮੋਗਾ ਵਾਸੀ ਅਰਸ਼ਪ੍ਰੀਤ ਕੌਰ ਤੇ ਜਸ਼ਨਪ੍ਰੀਤ ਕੌਰ ਵਜੋਂ ਹੋਈ ਹੈ। ਪਰਿਵਾਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲੀਸ ਨੇ ਸਿਵਲ ਹਸਪਤਾਲ ਤੋਂ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਉਹ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ। ਪਰਿਵਾਰ ਵਾਲੇ ਹਾਲੇ ਇਸ ਮਾਮਲੇ ਵਿੱਚ ਕੁਝ ਨਹੀਂ ਬੋਲ ਰਹੇ।
ਜਾਣਕਾਰੀ ਮੁਤਾਬਕ ਸਿਮਰਨ ਦੀ ਕਾਰ ਲੈ ਕੇ ਸੁੱਖਾ ਤੇ ਵੀਰੂ ਤਿੰਨੋਂ ਆਪਣੇ ਘਰੋਂ ਨਿਕਲੇ ਸਨ। ਤਿੰਨਾਂ ਨੇ ਆਪਣੇ ਘਰ ਵਿੱਚ ਇਹ ਕਿਹਾ ਸੀ ਕਿ ਉਹ ਸ਼ਾਪਿੰਗ ਕਰਨ ਲਈ ਲੁਧਿਆਣਾ ਜਾ ਰਹੇ ਹਨ। ਬਾਅਦ ਦੁਪਹਿਰ ਡੇਢ ਵਜੇ ਦੇ ਕਰੀਬ ਉਹ ਜਗਰਾਉਂ ਤੋਂ ਨਿਕਲੇ ਸਨ। ਅਰਸ਼ਪ੍ਰੀਤ ਕੌਰ ਤੇ ਜਸ਼ਨਪ੍ਰੀਤ ਕੌਰ ਦੋਵੇਂ ਸਹੇਲੀਆਂ ਸਨ ਤੇ ਉਨ੍ਹਾਂ ਦੀਆਂ ਜਾਣਕਾਰ ਸਨ। ਦੋਵੇਂ ਲੁਧਿਆਣਾ ਵਿੱਚ ਕੰਮ ਕਰਦੀਆਂ ਸਨ। ਤਿੰਨਾਂ ਨੌਜਵਾਨਾਂ ਨੇ ਫੋਨ ਕਰਕੇ ਉਨ੍ਹਾਂ ਨੂੰ ਵੀ ਘਰੋਂ ਬੁਲਾ ਲਿਆ। ਦੇਰ ਰਾਤ ਜਦੋਂ ਉਹ ਲਾਡੋਵਾਲ ਨੇੜੇ ਸਨ ਤਾਂ ਉਨ੍ਹਾਂ ਦੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਤੇ ਡਿਵਾਈਡਰ ਦੇ ਨਾਲ ਪਲਟੀਆਂ ਖਾਂਦੇ ਹੋਏ ਪਲਟ ਗਈ।
