ਮੋਗਾ ’ਚ ਚਾਰ ਪਿਸਤੌਲਾਂ ਸਣੇ ਪੰਜ ਕਾਬੂ
ਮਹਿੰਦਰ ਸਿੰਘ ਰੱਤੀਆਂ
ਇਥੇ ਪੁਲੀਸ ਨੇ ਦੋ ਪਰਵਾਸੀ ਮਜ਼ਦੂਰਾਂ ਸਣੇ ਪੰਜ ਮੁਲਜ਼ਮਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ 4 ਪਿਸਤੌਲ ਤੇ ਗੋਲੀ ਸਿੱਕਾ ਬਰਾਮਦ ਕੀਤਾ ਹੈ। ਐੱਸ ਪੀ (ਆਈ) ਡਾ. ਬਾਲ ਕ੍ਰਿਸ਼ਨ ਸਿੰਗਲਾ ਤੇ ਡੀ ਐੱਸ ਪੀ (ਆਈ) ਸੁਖਅੰਮ੍ਰਿਤ ਸਿੰਘ ਰੰਧਾਵਾ ਨੇ ਦੱਸਿਆ ਕਿ ਥਾਣਾ ਕੋਟ ਈਸੇ ਖਾਂ ਨੇ ਦਵਿੰਦਰ ਸਿੰਘ (31) ਵਾਸੀ ਪਿੰਡ ਬੁੱਕਣਵਾਲਾ ਅਤੇ ਉਸ ਦੇ ਸਾਲੇ ਅਜੀਤ ਸਿੰਘ ਉਰਫ਼ ਹੰਸ (20) ਵਾਸੀ ਪਿੰਡ ਰੌਲੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਹਨ। ਮੁਲਜ਼ਮ ਕਾਰ ਵਿੱਚ ਨਾਜਾਇਜ਼ ਹਥਿਆਰ ਸਪਲਾਈ ਕਰਨ ਜਾ ਰਹੇ ਸਨ।
ਉਨ੍ਹਾਂ ਦੱਸਿਆ ਕਿ ਮੋਗਾ ਸਿਟੀ ਦੱਖਣੀ ਪੁਲੀਸ ਨੇ ਅਕਾਸ਼ ਕੁਮਾਰ ਉਰਫ਼ ਅਕਾਸ਼ ਨੂੰ ਗ੍ਰਿਫ਼ਤਾਰ ਕਰਕੇ ਸ਼ਹੀਦੀ ਪਾਰਕ ਵਿੱਚੋਂ ਨਾਜਾਇਜ਼ ਪਿਸਤੌਲ 32 ਬੋਰ ਸਣੇ 6 ਰੌਂਦ ਬਰਾਮਦ ਕੀਤੇ ਹਨ। ਥਾਣਾ ਮਹਿਣਾ ਨੇ ਮੁਹੰਮਦ ਵਿਕਰਮ ਅਤੇ ਮੁਹੰਮਦ ਸੱਤਾਰ ਦੋਵੇਂ ਵਾਸੀ ਭਗਦੇਵਾ, ਜ਼ਿਲ੍ਹਾ ਸਹਰਸਾ (ਬਿਹਾਰ) ਹਾਲ ਆਬਾਦ ਪਿੰਡ ਮਹਿਣਾ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਦੇਸੀ ਪਿਸਤੌਲ 315 ਬੋਰ ਅਤੇ 5 ਰੌਂਦ ਬਰਾਮਦ ਕੀਤੇ ਹਨ। ਸੀ ਆਈ ਏ ਸਟਾਫ਼ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਪੁਲੀਸ ਨੇ ਪਿਛਲੇ ਸਾਲਾਂ ਵਿੱਚ ਵੱਡੀ ਗਿਣਤੀ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਪੰਜਾਬ ਵਿੱਚ ਜ਼ਿਆਦਾਤਰ ਘਟਨਾਵਾਂ ਦੀ ਪੜਤਾਲ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਨ੍ਹਾਂ ਵਾਰਦਾਤਾਂ ’ਚ ਮੱਧ ਪ੍ਰਦੇਸ਼ ਦੇ ਬਣੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਹੈ।
