ਐੱਨਆਰਆਈ ਦੇ ਘਰ ਦੇ ਬਾਹਰ ਫਾਇਰਿੰਗ
ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
Advertisement
ਪਿੰਡ ਕਾਹਲਵਾਂ ’ਚ ਦੇਰ ਰਾਤ ਤਿੰਨ ਅਣਪਛਾਤੇ ਨੌਜਵਾਨਾਂ ਨੇ ਐੱਨਆਰਆਈ ਦੇ ਘਰ ਬਾਹਰ ਗੋਲੀਆਂ ਚਲਾਈਆਂ। ਫਾਇਰਿੰਗ ਸਮੇਂ ਘਰ ’ਚ ਸਿਰਫ਼ ਬਜ਼ੁਰਗ ਮੌਜੂਦ ਸੀ ਜਿਸ ਨੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ। ਮੌਕੇ ’ਤੇ ਪਹੁੰਚੀ ਪੁਲੀਸ ਨੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ। ਫੁਟੇਜ ’ਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਤਿੰਨ ਨੌਜਵਾਨ ਐਕਟਿਵਾ ’ਤੇ ਆਏ ਅਤੇ ਉਨ੍ਹਾਂ ਨੇ ਘਰ ਦੇ ਬਾਹਰ ਫਾਇਰਿੰਗ ਕੀਤੀ ਅਤੇ ਭੱਜ ਗਏ। ਜਾਣਕਾਰੀ ਅਨੁਸਾਰ ਜਿਸ ਘਰ ਦੇ ਬਾਹਰ ਫਾਇਰਿੰਗ ਕੀਤੀ ਗਈ ਸੀ, ਉਸ ਦੇ ਜ਼ਿਆਦਾਤਰ ਮੈਂਬਰ ਵਿਦੇਸ਼ ’ਚ ਰਹਿੰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ’ਚ ਪਰਿਵਾਰ ਨੂੰ ਧਮਕੀ ਭਰੇ ਫੋਨ ਆਏ ਸਨ ਪਰ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਪੁਲੀਸ ਦਾ ਦਾਅਵਾ ਹੈ ਕਿ ਪੀੜਤ ਪਰਿਵਾਰ ਨੂੰ ਕਿਸੇ ’ਤੇ ਸ਼ੱਕ ਨਹੀਂ ਹੈ। ਬਜ਼ੁਰਗ ਵਿਅਕਤੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਸੀਸੀਟੀਵੀ ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁੱਢਲੀ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਇਸ ਘਟਨਾ ਪਿੱਛੇ ਵਿਦੇਸ਼ਾਂ ’ਚ ਬੈਠੇ ਗੈਂਗਸਟਰ ਹੋ ਸਕਦੇ ਹਨ, ਜੋ ਸਥਾਨਕ ਨੌਜਵਾਨਾਂ ਨੂੰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਉਕਸਾ ਰਹੇ ਹਨ।
Advertisement
Advertisement