ਪੁਲੀਸ ਅਤੇ ਗੈਂਗਸਟਰ ਵਿਚਾਲੇ ਫ਼ਾਇਰਿੰਗ
ਮੁਕਾਬਲੇ ਦੌਰਾਨ ਕਰੀਬ ਦਸ ਗੋਲੀਆਂ ਚੱਲੀਆਂ; ਗੈਂਗਸਟਰ ਜ਼ਖ਼ਮੀ
Advertisement
ਇੱਥੋਂ ਦੇ ਸਰਹੱਦੀ ਪਿੰਡ ਮੀਰਕਚਾਣਾ ਨੇੜੇ ਪੁਲੀਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ, ਜਿਸ ਦੌਰਾਨ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗ ਗਈ। ਜਾਣਕਾਰੀ ਅਨੁਸਾਰ ਤੜਕਸਾਰ 5 ਵਜੇ ਦੇ ਕਰੀਬ ਇਤਲਾਹ ਮਿਲਣ ’ਤੇ ਪੁਲੀਸ ਥਾਣਾ ਕਲਾਨੌਰ ਨੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਇੱਕ ਮੋਟਰਸਾਈਕਲ ’ਤੇ ਆ ਰਹੇ ਨੌਜਵਾਨ ਨੂੰ ਨਾਕੇ ’ਤੇ ਤਾਇਨਾਤ ਪੁਲੀਸ ਕਰਮਚਾਰੀਆਂ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ। ਪੁਲੀਸ ਦਾ ਇਸ਼ਾਰਾ ਦੇਖ ਮੋਟਰਸਾਈਕਲ ਚਾਲਕ ਨੌਜਵਾਨ ਨੇ ਪੁਲੀਸ ਕਰਮਚਾਰੀਆਂ ’ਤੇ ਗੋਲੀ ਚਲਾ ਦਿੱਤੀ। ਪੁਲੀਸ ਵੱਲੋਂ ਜਵਾਬੀ ਗੋਲੀ ਚਲਾਉਣ ’ਤੇ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਰਵੀ ਮਸੀਹ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਵੀ ਮਸੀਹ ਨੇ ਆਪਣੇ ਸਾਥੀ ਜੋਧਾ ਸਿੰਘ ਨਾਲ ਮਿਲ ਕੇ ਪਿਛਲੇ ਦਿਨੀਂ ਕਲਾਨੌਰ ਦੇ ਇੱਕ ਮੋਬਾਈਲ ਫ਼ੋਨ ਵੇਚਣ ਵਾਲੇ ਦੁਕਾਨਦਾਰ ਦੇ ਘਰ ’ਤੇ ਗੋਲੀਆਂ ਚਲਾਈਆਂ ਸਨ। ਜੋਧਾ ਸਿੰਘ ਨੂੰ ਪੁਲੀਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਅੱਜ ਹੋਏ ਮੁਕਾਬਲੇ ਦੌਰਾਨ ਦਸ ਦੇ ਕਰੀਬ ਗੋਲੀਆਂ ਚੱਲੀਆਂ ਹਨ। ਪੁਲੀਸ ਨੇ ਜ਼ਖ਼ਮੀ ਨੌਜਵਾਨ ਕੋਲੋਂ ਪਿਸਤੌਲ ਵੀ ਬਰਾਮਦ ਕੀਤਾ ਹੈ। ਐੱਸਐੱਸਪੀ ਗੁਰਦਾਸਪੁਰ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ।
Advertisement
Advertisement