ਕੋਟ ਈਸੇ ਖਾਂ ਵਿਖੇ ਪਟਾਕਿਆਂ ਕਾਰਨ ਕਬਾੜ ਦੀ ਦੁਕਾਨ ਨੂੰ ਅੱਗ
ਦੀਵਾਲੀ ਦੀ ਰਾਤ ਇੱਥੇ ਅੰਮ੍ਰਿਤਸਰ ਰੋਡ ਉੱਤੇ ਸਥਿਤ ਗੂੰਬਰ ਕਬਾੜ ਦੀ ਦੁਕਾਨ ਨੂੰ ਅੱਗ ਲੱਗ ਗਈ। ਪਟਾਕਿਆਂ ਕਰਕੇ ਲੱਗੀ ਅੱਗ ਨੇ ਕੁਝ ਮਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਉੱਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਲਗਾਤਾਰ ਤਿੰਨ ਘੰਟੇ ਭਾਰੀ ਮੁਸ਼ੱਕਤ ਕਰਨੀ ਪਈ
ਜਾਣਕਾਰੀ ਮੁਤਾਬਕ ਲੰਘੀ ਰਾਤ ਕਰੀਬ 10 ਵਜੇ ਦੇ ਕਰੀਬ ਡਾ. ਰਮਨ ਗੂੰਬਰ ਦੀ ਅੰਮ੍ਰਿਤਸਰ ਰੋਡ ਉਪਰ ਸਥਿਤ ਕਬਾੜ ਦੀ ਦੁਕਾਨ ਵਿੱਚ ਪਏ ਪਲਾਸਟਿਕ ਦੇ ਖੁੱਲ੍ਹੇ ਢੇਰ ਵਿੱਚੋਂ ਜਦੋਂ ਆਸਪਾਸ ਦੇ ਲੋਕਾਂ ਨੇ ਅੱਗ ਸੁਲਗਦੀ ਦੇਖੀ ਤਾਂ ਤੁਰੰਤ ਦੁਕਾਨ ਮਾਲਕ ਨੂੰ ਇਸ ਦੀ ਸੂਚਨਾ ਦਿੱਤੀ। ਜਦੋਂ ਤੱਕ ਉਹ ਆਪਣੀ ਕਬਾੜ ਦੁਕਾਨ ਵਿੱਚ ਪੁੱਜੇ ਤਾਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ।
ਸੂਚਨਾ ਮਿਲਣ ਮਗਰੋਂ ਮੌਕੇ ’ਤੇ ਪੁੱਜੀ ਪੁਲੀਸ ਪਾਰਟੀ ਨੇ ਫਾਇਰ ਬ੍ਰਿਗੇਡ ਦਫਤਰ ਧਰਮਕੋਟ ਨੂੰ ਸੂਚਿਤ ਕੀਤਾ। ਇੱਕ ਫਾਇਰ ਬ੍ਰਿਗੇਡ ਦੀ ਗੱਡੀ ਜ਼ੀਰਾ ਤੋਂ ਵੀ ਮੰਗਵਾਉਣੀ ਪਈ। ਤਿੰਨ ਘੰਟਿਆਂ ਦੀ ਜੱਦੋਜਹਿਦ ਤੋਂ ਬਾਅਦ ਅੱਗ ਉੱਤੇ ਕਾਬੂ ਪਾ ਲਿਆ ਗਿਆ। ਅੱਗ ਦਾ ਕਾਰਨ ਦੀਵਾਲੀ ਮੌਕੇ ਕੀਤੀ ਜਾ ਰਹੀ ਆਤਿਸ਼ਬਾਜੀ ਮੰਨਿਆ ਜਾ ਰਿਹਾ ਹੈ। ਦੁਕਾਨ ਮਾਲਕ ਰਮਨ ਗੂੰਬਰ ਨੇ ਦੱਸਿਆ ਕਿ ਹੋਏ ਨੁਕਸਾਨ ਦਾ ਅਜੇ ਜਾਇਜ਼ਾ ਲਿਆ ਜਾ ਰਿਹਾ ਹੈ ਫਿਰ ਵੀ ਹਜ਼ਾਰਾ ਰੁਪਏ ਮੁੱਲ ਦਾ ਪਲਾਸਟਿਕ ਅਤੇ ਤਾਂਬਾ ਆਦਿ ਸੜਨ ਦਾ ਖ਼ਦਸ਼ਾ ਹੈ।