ਵਿੱਤ ਵਿਭਾਗ ਦਾ ਕਮਾਲ: ਜੂਨੀਅਰ ਸਹਾਇਕਾਂ ਨੂੰ ਸਹਾਇਕ ਖਜ਼ਾਨਚੀ ਵਜੋਂ ਤਰੱਕੀ
ਵਿੱਤ ਵਿਭਾਗ ਪੰਜਾਬ (ਖਜ਼ਾਨਾ ਤੇ ਲੇਖਾ ਸ਼ਾਖਾ) ਨੇ ਖਜ਼ਾਨਾ ਦਫ਼ਤਰਾਂ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਰੱਕੀਆਂ ਉਡੀਕ ਰਹੇ ਲੈਵਲ-7 ਦੇ ਤਨਖਾਹ ਸਕੇਲ ਵਾਲੇ ਜੂਨੀਅਰ ਸਹਾਇਕਾਂ ਨੂੰ ਸਹਾਇਕ ਖਜ਼ਾਨਚੀ ਬਣਾ ਕੇ ਲੈਵਲ-6 ਵਿੱਚ ਤਬਦੀਲ ਕਰ ਦਿੱਤਾ ਹੈ। ਆਪਣੀ ਸੀਨੀਅਰ ਸਹਾਇਕ ਵਜੋਂ ਤਰੱਕੀ ਨੂੰ ਉਡੀਕਦੇ ਜੂਨੀਅਰ ਸਹਾਇਕਾਂ ਨੂੰ ਸਹਾਇਕ ਖਜ਼ਾਨਚੀ ਬਣਾ ਕੇ ਦੂਸਰੇ ਸਟੇਸ਼ਨਾਂ ’ਤੇ ਬਦਲੀਆਂ ਵੀ ਕਰ ਦਿੱਤੀਆਂ ਗਈਆਂ ਹਨ। ਵਿੱਤ ਵਿਭਾਗ ਪੰਜਾਬ ਦੇ ਡਾਇਰੈਕਟਰ ਅਰਵਿੰਦ ਕੁਮਾਰ ਐੱਮਕੇ ਆਈਏਐੱਸ ਦੇ ਨਾਮ ਹੇਠ ਜਾਰੀ ਕੀਤੇ ਗਏ ਹੁਕਮਾਂ ਰਾਹੀਂ ਇਹ ਤਰੱਕੀ ਦਿੱਤੀ ਗਈ ਹੈ। ਇਸ ਹੁਕਮ ਵਿੱਚ ਇੱਕ ਜ਼ਿਲਦਸਾਜ਼ ਅਤੇ ਕਲਰਕ ਨੂੰ ਵੀ ਸਹਾਇਕ ਖਜ਼ਾਨਚੀ ਬਣਾ ਦਿੱਤਾ ਗਿਆ ਅਤੇ 17 ਜੂਨੀਅਰ ਸਹਾਇਕਾਂ ਨੂੰ ਵੀ ਸਹਾਇਕ ਖਜ਼ਾਨਚੀ ਬਣਾ ਦਿੱਤਾ ਗਿਆ ਹੈ। ਹੁਕਮਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਕਰਮਚਾਰੀ ਸਹਾਇਕ ਖਜ਼ਾਨਚੀ ਵਜੋਂ ਤਰੱਕੀ ਨਹੀਂ ਲੈਣੀ ਚਾਹੁੰਦਾ, ਉਸ ਨੂੰ ਇਸ ਅਹੁਦੇ ’ਤੇ ਤਰੱਕੀ ਲੈਣ ਤੋਂ ਦੋ ਸਾਲਾਂ ਵਾਸਤੇ ਡੀ-ਬਾਰ ਕੀਤਾ ਜਾਵੇਗਾ। ਉਕਤ ਹੁਕਮ ਜਾਰੀ ਹੁੰਦਿਆਂ ਹੀ ਜੂਨੀਅਰ ਸਹਾਇਕਾਂ ਦੇ ਚਿਹਰੇ ਮੁਰਝਾ ਗਏ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਜੂਨੀਅਰ ਸਹਾਇਕਾਂ ਦੇ ਕੇਸ ਨੂੰ ਮੁੜ ਤੋਂ ਵਿਚਾਰ ਕੇ ਨਿਯਮਾਂ ਮੁਤਾਬਕ ਉਨ੍ਹਾਂ ਨੂੰ ਸੀਨੀਅਰ ਸਹਾਇਕ ਵਜੋਂ ਤਰੱਕੀ ਦੇ ਕੇ ਲੈਵਲ ਵਧਾਇਆ ਜਾਵੇ।
ਮਾਮਲਾ ਮੇਰੇ ਧਿਆਨ ਵਿੱਚ ਨਹੀਂ: ਚੀਮਾ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ, ਉਹ ਭਲਕੇ ਚੈੱਕ ਕਰਵਾ ਲੈਣਗੇ।