ਅਗਨੀਵੀਰ ਜਵਾਨ ਨੂੰ ਅੰਤਿਮ ਵਿਦਾਇਗੀ
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲੋਹਗੜ੍ਹ ਦੇ ਨੌਜਵਾਨ ਅਗਨੀਵੀਰ ਜਸ਼ਨਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਅੱਜ ਪੂਰੇ ਫੌਜੀ ਤੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਦੁੱਖ ਦੀ ਘੜੀ ਵਿਚ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਜਸ਼ਨਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਦੁਖੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਜਸ਼ਨਪ੍ਰੀਤ ਸਿੰਘ ਦੇ ਅਚਾਨਕ ਚਲੇ ਜਾਣ ਨਾਲ ਪੂਰੇ ਪਿੰਡ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਆਸ਼ੂ ਬੰਗੜ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜਸ਼ਨਪ੍ਰੀਤ ਸਿੰਘ ਨੇ ਦੇਸ਼ ਦੀ ਸੇਵਾ ਕਰਦਿਆਂ ਆਪਣੀ ਜਾਨ ਕੁਰਬਾਨ ਕੀਤੀ ਹੈ, ਇਸ ਲਈ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸ਼ਹੀਦ ਦੇ ਪਰਿਵਾਰ ਦੀ ਪੂਰੀ ਮਦਦ ਕਰੇ। ਉਨ੍ਹਾਂ ਮੰਗ ਕੀਤੀ ਕਿ ਸ਼ਹੀਦ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਯੋਗ ਸਰਕਾਰੀ ਨੌਕਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਪਰਿਵਾਰ ਦੇ ਸਨਮਾਨ ਅਤੇ ਸਹਾਇਤਾ ਲਈ ਹੋਰ ਵਿੱਤੀ ਅਤੇ ਹਰ ਤਰ੍ਹਾਂ ਦੀ ਮਦਦ ਕਰਨ ਦੀ ਵੀ ਅਪੀਲ ਕੀਤੀ।
