ਦੇਸ਼ ਦੀ ਰੱਖਿਆ ਲਈ ਸਿੱਖ ਪਰਿਵਾਰ ਦੀ ਪੰਜਵੀਂ ਪੀੜ੍ਹੀ ਫੌਜ ’ਚ ਸ਼ਾਮਲ
ਇੰਡੀਅਨ ਮਿਲਟਰੀ ਅਕੈਡਮੀ ਦੇਹਰਾਦੂਨ ’ਚ 525 ਨਵੇਂ ਰੰਗਰੂਟਾਂ ’ਚ ਸਿੱਖ ਅਧਿਕਾਰੀ ਸਰਤਾਜ ਸਿੰਘ ਅਜਿਹਾ ਵੀ ਹੈ, ਜੋ ਫੌਜ ’ਚ ਆਪਣੇ ਖਾਨਦਾਨ ਦੀ ਪੰਜਵੀਂ ਪੀੜ੍ਹੀ ਦੀ ਨੁਮਾਇੰਦਗੀ ਕਰ ਰਿਹਾ ਹੈ। ਦੋ ਹੋਰ ਨਵੇਂ ਅਧਿਕਾਰੀ ਹਰਮਨਮੀਤ ਸਿੰਘ ਅਤੇ ਯੁਵਰਾਜ ਸਿੰਘ ਫੌਜ ’ਚ ਆਪਣੇ ਪਰਿਵਾਰ ਦੀ ਚੌਥੀ ਪੀੜ੍ਹੀ ਵਜੋਂ ਸੇਵਾਵਾਂ ਨਿਭਾਉਣਗੇ।
ਲੈਫ਼ਟੀਨੈਂਟ ਸਰਤਾਜ ਸਿੰਘ ਨੂੰ ਪਿਤਾ ਬ੍ਰਿਗੇਡੀਅਰ ਉਪਿੰਦਰ ਪਾਲ ਸਿੰਘ ਦੀ ਯੂਨਿਟ 20 ਜਾਟ ’ਚ ਹੀ ਕਮਿਸ਼ਨ ਮਿਲਿਆ ਹੈ। ਫੌਜ ਨਾਲ ਲੈਫ਼ਟੀਨੈਂਟ ਸਰਤਾਜ ਸਿੰਘ ਦੇ ਖਾਨਦਾਨ ਦਾ ਨਾਤਾ ਸਿਪਾਹੀ ਕਿਰਪਾਲ ਸਿੰਘ ਦੇ 1897 ’ਚ ਫੌਜ ’ਚ ਭਰਤੀ ਨਾਲ ਜੁੜਦਾ ਹੈ, ਜਿਨ੍ਹਾਂ ਦੀ ਯੂਨਿਟ 36 ਸਿੱਖ ਨੇ ਅਫ਼ਗਾਨ ਜੰਗ ’ਚ ਹਿੱਸਾ ਲਿਆ ਸੀ। ਆਈ ਐੱਮ ਏ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਸ ਦੇ ਪੜਦਾਦਾ 2 ਫੀਲਡ ਰੈਜੀਮੈਂਟ ’ਚ ਸੂਬੇਦਾਰ ਅਜਮੇਰ ਸਿੰਘ ਨੇ ਦੂਜੀ ਵਿਸ਼ਵ ਜੰਗ ’ਚ ਹਿੱਸਾ ਲਿਆ ਸੀ ਅਤੇ ਉਨ੍ਹਾਂ ਨੂੰ ਬਹਾਦਰੀ ਲਈ ਆਰਡਰ ਆਫ਼ ਬ੍ਰਿਟਿਸ਼ ਇੰਡੀਆ ਸਨਮਾਨ ਹਾਸਲ ਹੋਇਆ ਸੀ। ਉਸ ਦੇ ਦਾਦਾ ਬ੍ਰਿਗੇਡੀਅਰ ਹਰਵੰਤ ਸਿੰਘ ਨੇ 1965 ਅਤੇ 1971 ਦੀਆਂ ਭਾਰਤ-ਪਾਕਿ ਜੰਗਾਂ ’ਚ ਬਹਾਦਰੀ ਦੀ ਨਵੀਂ ਇਬਾਰਤ ਲਿਖੀ ਸੀ। ਉਸ ਦੇ ਇਕ ਹੋਰ ਰਿਸ਼ਤੇਦਾਰ ਕਰਨਲ ਹਰਵਿੰਦਰ ਪਾਲ ਸਿੰਘ ਨੇ 1999 ਦੀ ਕਾਰਗਿਲ ਜੰਗ ਦੌਰਾਨ ਸਿਆਚਿਨ ’ਚ ਪਰਿਵਾਰ ਦੀ ਰਵਾਇਤ ਕਾਇਮ ਰੱਖੀ ਸੀ। ਉਸ ਦਾ ਨਾਨਕਾ ਪਰਿਵਾਰ ਵੀ ਦੇਸ਼ ਸੇਵਾ ’ਚ ਪਿੱਛੇ ਨਹੀਂ ਰਿਹਾ ਅਤੇ ਕੈਪਟਨ ਹਰਭਗਤ ਸਿੰਘ, ਕੈਪਟਨ ਗੁਰਮੇਲ ਸਿੰਘ, ਕਰਨਲ ਗੁਰਸੇਵਕ ਸਿੰਘ ਅਤੇ ਕਰਨਲ ਇੰਦਰਜੀਤ ਸਿੰਘ ਨੇ ਵੀ ਪਹਿਲੀ ਤੇ ਦੂਜੀ ਵਿਸ਼ਵ ਜੰਗ, 1971 ਦੀ ਜੰਗ ਅਤੇ ਹੋਰ ਅਪਰੇਸ਼ਨਾਂ ’ਚ ਹਿੱਸਾ ਲਿਆ ਸੀ। ਇਸੇ ਤਰ੍ਹਾਂ ਲੈਫ਼ਟੀਨੈਂਟ ਹਰਮਨਮੀਤ ਸਿੰਘ ਰੀਨ ਵੀ ਪਰਿਵਾਰ ਦੀ ਚੌਥੀ ਪੀੜ੍ਹੀ ਦੀ ਫੌਜ ’ਚ ਨੁਮਾਇੰਦਗੀ ਕਰ ਰਿਹਾ ਹੈ। ਉਸ ਦੇ ਪੜਦਾਦੇ ਨੇ ਸਿੱਖ ਰੈਜੀਮੈਂਟ ’ਚ ਸੇਵਾ ਨਿਭਾਈ ਸੀ। ਬਾਅਦ ’ਚ ਦਾਦੇ ਨੇ ਸਿਗਨਲਸ ਅਤੇ ਉਸ ਦੇ ਦੋ ਭਰਾਵਾਂ ਨੇ 1965 ਦੀ ਭਾਰਤ-ਪਾਕਿ ਜੰਗ ਤੋਪਖਾਨਾ ਰੈਜੀਮੈਂਟ ’ਚ ਅਧਿਕਾਰੀ ਵਜੋਂ ਲੜੀ ਸੀ। ਉਨ੍ਹਾਂ ’ਚੋਂ ਕੈਪਟਨ ਉਜਾਗਰ ਸਿੰਘ ਨੂੰ ਬਹਾਦਰੀ ਲਈ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਹਰਮਨਮੀਤ ਸਿੰਘ ਦੇ ਪਿਤਾ ਕਰਨਲ ਹਰਮੀਤ ਸਿੰਘ ਇਸ ਸਮੇਂ ਮਰਾਠਾ ਲਾਈਟ ਇਨਫੈਂਟਰੀ ’ਚ ਸੇਵਾ ਨਿਭਾਅ ਰਹੇ ਹਨ। ਉਸ ਨੂੰ ਇਸੇ ਰੈਜੀਮੈਂਟ ’ਚ ਕਮਿਸ਼ਨ ਮਿਲਿਆ ਹੈ। ਪਾਸਿੰਗ ਆਊਟ ਪਰੇਡ ’ਚ 14 ਮਿੱਤਰ ਮੁਲਕਾਂ ਦੇ 34 ਅਧਿਕਾਰੀ ਵੀ ਸ਼ਾਮਲ ਸਨ, ਜਿਸ ਦੀ ਨਜ਼ਰਸਾਨੀ ਚੀਫ਼ ਆਫ਼ ਆਰਮੀ ਸਟਾਫ਼ ਜਨਰਲ ਉਪੇਂਦਰ ਦਿਵੇਦੀ ਨੇ ਕੀਤੀ।
