ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ ਪਾਰਸਲ ਚੈਕਿੰਗ ਮੁਹਿੰਮ ਸ਼ੁਰੂ
ਇਹ ਵਿਸ਼ੇਸ਼ ਜਾਂਚ ਮੁਹਿੰਮ ਡਿਵੀਜ਼ਨ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ਜਿਵੇਂ ਕਿ ਫਿਰੋਜ਼ਪੁਰ ਛਾਉਣੀ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਸ਼ਹਿਰ ਅਤੇ ਜਲੰਧਰ ਛਾਉਣੀ ’ਤੇ ਚੱਲ ਰਹੀ ਹੈ। ਇਹ ਜਾਂਚ ਮੁਹਿੰਮ ਰੇਲਵੇ ਕਰਮਚਾਰੀ ਅਤੇ ਰੇਲਵੇ ਪੁਲੀਸ ਫੋਰਸ (ਆਰਪੀਐੱਫ) ਦੇ ਜਵਾਨ ਮਿਲ ਕੇ ਪਾਰਸਲਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ। ਇਸ ਜਾਂਚ ਦੌਰਾਨ ਜੇਕਰ ਕਿਸੇ ਪਾਰਸਲ ਵਿਚ ਕੋਈ ਗਲਤ ਜਾਣਕਾਰੀ, ਵਸਤੂ ਜਾਂ ਕੋਈ ਪਾਬੰਦੀਸ਼ੁਦਾ ਸਮੱਗਰੀ ਮਿਲਦੀ ਹੈ ਤਾਂ ਸਬੰਧਤ ਯਾਤਰੀ ਜਾਂ ਪਾਰਟੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।
ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਮਨੂ ਗਰਗ ਨੇ ਯਾਤਰੀਆਂ ਅਤੇ ਪਾਰਸਲ ਬੁੱਕ ਕਰਵਾਉਣ ਵਾਲੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬੁਕਿੰਗ ਕਰਵਾਉਂਦੇ ਸਮੇਂ ਸਹੀ ਵਸਤੂ ਦਾ ਹੀ ਹਵਾਲਾ ਦੇਣ। ਉਨ੍ਹਾਂ ਕਿਹਾ ਕਿ ਜੇਕਰ ਕੋਈ ਖਤਰਨਾਕ ਜਾਂ ਪਾਬੰਦੀਸ਼ੁਦਾ ਵਸਤੂ ਗਲਤ ਤਰੀਕੇ ਨਾਲ ਭੇਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਜਿਹੀਆਂ ਵਿਸ਼ੇਸ਼ ਪਾਰਸਲ ਚੈਕਿੰਗ ਮੁਹਿੰਮਾਂ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ।