ਫਿਰੋਜ਼ਪੁਰ ਪੁਲੀਸ ਵੱਲੋਂ 13 ਕਿਲੋ ਹੈਰੋਇਨ ਸਣੇ 3 ਤਸਕਰ ਗ੍ਰਿਫ਼ਤਾਰ
ਤਸਕਰਾਂ ਕੋਲੋਂ ਪਿਸਟਤੌ ਦਾ ਸਮਾਨ, ਐਕਟਿਵਾ ਤੇ ਅੱਠ ਕਾਰਤੂਸ ਬਰਾਮਦ
Advertisement
ਜ਼ਿਲ੍ਹਾ ਫਿਰੋਜ਼ਪੁਰ ਪੁਲੀਸ ਨੇ ਵੱਖ ਵੱਖ ਥਾਵਾਂ ਤੋਂ 13 ਕਿਲੋ ਹੈਰੋਇਨ, 1 ਐਕਟਿਵਾ, ਇਕ ਪਿਸਟਲ ਦਾ ਸਮਾਨ ਅਤੇ 8 ਰੋਂਦ ਜ਼ਿੰਦਾ ਸਮੇਤ 3 ਤਸਕਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਥਾਣਾ ਸਦਰ ਫਿਰੋਜ਼ਪੁਰ ਅਤੇ ਥਾਣਾ ਘੱਲਖੁਰਦ ਵਿਖੇ ਐੱਨਡੀਪੀਐੱਸ ਅਤੇ ਆਰਮਜ਼ ਐਕਟ ਤਹਿਤ ਮਾਮਲੇ ਦਰਜ ਕੀਤੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਥਾਣਾ ਸਦਰ ਫਿਰੋਜ਼ਪੁਰ ਦੇ ਇੰਸਪੈਕਟਰ ਮੋਹਿਤ ਧਵਨ ਦੀ ਅਗਵਾਈ ਵਿਚ ਪੁਲੀਸ ਦੀ ਟੀਮ ਨੇ ਗੁਪਤ ਸੂਚਨਾ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਗੋਰੀ ਅਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਵਾਸੀਆਨ ਰਾਜੋ ਕੇ ਗੱਟੀ ਪਿੰਡ ਗੋਖੀ ਵਾਲਾ ਦੀ ਸੜਕ ’ਤੇ ਹੈਰੋਇਨ ਵੇਚਣ ਲਈ ਖੜ੍ਹੇ ਹਨ। ਪੁਲੀਸ ਵੱਲੋਂ ਉਕਤ ਗੁਰਪ੍ਰੀਤ ਸਿੰਘ ਉਰਫ ਗੋਰੀ ਅਤੇ ਗੁਰਪ੍ਰੀਤ ਸਿੰਘ ਉਰਫ ਕਾਲੀ ਨੂੰ ਕਾਬੂ ਕਰਨ ’ਤੇ ਉਨ੍ਹਾਂ ਕੋਲੋਂ 8 ਕਿਲੋ 301 ਗ੍ਰਾਮ ਹੈਰੋਇਨ ਬਰਾਮਦ ਹੋਈ।
ਜ਼ਿਲ੍ਹਾ ਪੁਲੀਸ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਘੱਲਖੁਰਦ ਪੁਲੀਸ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪੁਲੀਸ ਪਾਰਟੀ ਨੇ ਜੁਗਰਾਜ ਸਿੰਘ ਉਰਫ ਸਮਰ ਵਾਸੀ ਆਸਲ ਥਾਣਾ ਸਦਰ ਫਿਰੋਜ਼ਪੁਰ ਐਕਟਿਵਾ ਸਮੇਤ ਕਾਬੂ ਕਰਕੇ 4 ਕਿਲੋ 720 ਗਰਾਮ ਹੈਰੋਇਨ, 1 ਐਕਟਿਵਾ, ਪਿਸਤੌਲ ਦਾ ਸਾਮਾਨ, ਅੱਠ ਕਾਰਤੂਸ ਬਰਾਮਦ ਕੀਤੇ। ਐੱਸਐੱਸਪੀ ਮੁਤਾਬਕ ਉਕਤ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਏ ਹਨ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ।
Advertisement