ਫ਼ਿਰੋਜ਼ਪੁਰ ਕਤਲ: ਸਿਆਸੀ ਧਿਰਾਂ ਵੱਲੋਂ ‘ਆਪ’ ਦੀ ਘੇਰਾਬੰਦੀ
ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਫ਼ਿਰੋਜ਼ਪੁਰ ’ਚ ਆਰ ਐੱਸ ਐੱਸ ਆਗੂ ਬਲਦੇਵ ਰਾਜ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦੇ ਕਤਲ ਮਾਮਲੇ ’ਤੇ ‘ਆਪ’ ਸਰਕਾਰ ਨੂੰ ਘੇਰਿਆ ਹੈ। ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਮਾਮਲੇ ’ਤੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਨਵੀਨ ਅਰੋੜਾ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਨੇ ‘ਆਪ’ ਸਰਕਾਰ ਦੀ ਫਿਰ ਇੱਕ ਵਾਰ ਪੋਲ ਖੋਲ੍ਹ ਦਿੱਤੀ ਹੈ।
ਜਾਖੜ ਨੇ ਕਿਹਾ ਕਿ ਪੰਜਾਬ ’ਚ ਗੈਂਗਸਟਰ ਹੁਣ ਸਮਾਂਤਰ ਸਰਕਾਰ ਚਲਾ ਰਹੇ ਹਨ ਜਿਨ੍ਹਾਂ ਨੂੰ ਕੋਈ ਖ਼ੌਫ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਸੂਬੇ ਪ੍ਰਤੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਰਹੇ ਹਨ। ਚੇਤੇ ਰਹੇ ਕਿ ਤਰਨ ਤਾਰਨ ਦੀ ਉਪ ਚੋਣ ’ਚ ਵੀ ਗੈਂਗਸਟਰ ਮੁੱਦਾ ਬਣੇ ਸਨ। ‘ਆਪ’ ਆਗੂਆਂ ਨੇ ਗੈਂਗਸਟਰਾਂ ਨੂੰ ਹਫ਼ਤੇ ’ਚ ਪੰਜਾਬ ਛੱਡਣ ਦੀ ਚਿਤਾਵਨੀ ਵੀ ਦਿੱਤੀ ਹੋਈ ਹੈ।
ਸ਼ਿਵ ਸੈਨਾ ਮੁਖੀ ਨੂੰ ਜਾਨੋਂ ਮਾਰਨ ਦੀ ਧਮਕੀ
ਘਨੌਲੀ (ਜਗਮੋਹਨ ਸਿੰਘ): ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਸੰਜੀਵ ਘਨੌਲੀ ਨੂੰ ਅੱਜ ਕਿਸੇ ਨੇ ਫੋਨ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਜ ਦੁਪਹਿਰ ਦੋ ਵਜੇ ਦੇ ਕਰੀਬ ਵੱਟਸਐਪ ’ਤੇ ਇੰਗਲੈਂਡ ਦੇ ਨੰਬਰ ਤੋਂ ਕਾਲ ਆਈ ਸੀ। ਕਾਲ ਕਰਨ ਵਾਲੇ ਨੇ ਖ਼ੁਦ ਨੂੰ ਬਘੇਲ ਸਿੰਘ ਦੱਸਿਆ ਸੀ। ਉਸ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਫ਼ਿਰੋਜ਼ਪੁਰ ਵਿੱਚ ਆਰ ਐੱਸ ਐੱਸ ਆਗੂ ਨਾਲ ਕੀਤਾ ਹੈ, ਉਸੇ ਤਰ੍ਹਾਂ ਹੁਣ ਸ਼ੇਰੇ-ਪੰਜਾਬ ਬਿਗ੍ਰੇਡ ਸੰਜੀਵ ਘਨੌਲੀ ਅਤੇ ਸਚਿਨ ਘਨੌਲੀ ਨਾਲ ਹੋਵੇਗਾ। ਦੋਵੇਂ ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਤੋਂ ਡਰਦੇ ਨਹੀਂ। ਐੱਸ ਐੱਚ ਓ ਸਦਰ ਰੂਪਨਗਰ ਸਨੀ ਖੰਨਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਪਰਾਧੀਆਂ ਨੂੰ ਸਰਕਾਰ ਦਾ ਡਰ ਨਹੀਂ: ਵੜਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਨਵੀਨ ਅਰੋੜਾ ਦੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ’ਚ ਰੋਜ਼ਾਨਾ ਕਤਲ ਹੋਣੇ ਹੁਣ ਆਮ ਗੱਲ ਬਣ ਗਈ ਹੈ। ਅਪਰਾਧੀਆਂ ਨੂੰ ਹੁਣ ਕੋਈ ਡਰ ਨਹੀਂ ਰਿਹਾ ਜਦੋਂਕਿ ਪੰਜਾਬ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਵੜਿੰਗ ਨੇ ਕਿਹਾ ਕਿ ਕਿੰਨਾ ਸਮਾਂ ਮੌਤਾਂ ਦੀ ਗਿਣਤੀ ਕਰਾਂਗੇ, ਪੰਜਾਬ ਦੇ ਮੁੱਖ ਮੰਤਰੀ ਇਸ ਦਾ ਜਵਾਬ ਦੇਣ।
ਪੰਜਾਬ ’ਚ ਹੁਣ ਜੰਗਲ ਰਾਜ: ਸੁਖਬੀਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਰੋਬਾਰੀ ਬਲਦੇਵ ਰਾਜ ਅਰੋੜਾ ਦੇ ਪੁੱਤਰ ਦੀ ਹੱਤਿਆ ’ਤੇ ਅਫ਼ਸੋਸ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਹੁਣ ਜੰਗਲ ਰਾਜ ਹੈ ਜੋ ਸੂਬੇ ਦੇ ਭਾਈਚਾਰੇ ਤੇ ਅਮਨ ਸ਼ਾਂਤੀ ਨੂੰ ਗੰਭੀਰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਅਪਰਾਧੀ ਖੁੱਲ੍ਹੇਆਮ ਘੁੰਮ ਰਹੇ ਹਨ ਤੇ ਬੇਕਸੂਰਾਂ ਨੂੰ ਦਿਨ ਦਿਹਾੜੇ ਮਾਰਿਆ ਜਾ ਰਿਹਾ ਹੈ।
