ਪੁਲੀਸ ਦੇ ਡਰੋਂ ਨੌਜਵਾਨ ਨੇ ਛੱਪੜ ’ਚ ਛਾਲ ਮਾਰੀ
ਇਥੋਂ ਦੇ ਪਿੰਡ ਮੱਲੀਆਂ ਵਾਲਾ ਵਿੱਚ ਪੁਲੀਸ ਦੇ ਡਰੋਂ ਇੱਕ ਨੌਜਵਾਨ ਨੇ ਛੱਪੜ ਵਿਚ ਛਾਲ ਮਾਰ ਦਿੱਤੀ ਅਤੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਪੀੜਤ ਪਰਿਵਾਰ ਨੇ ਦੇਰ ਸ਼ਾਮ ਨੂੰ ਸਥਾਨਕ ਸਿਵਲ ਹਸਪਤਾਲ ’ਚ ਇਨਸਾਫ਼ ਲਈ ਧਰਨਾ ਦਿੱਤਾ। ਨੌਜਵਾਨ ਦੀ ਪਛਾਣ ਜਗਦੀਪ ਸਿੰਘ ਵਾਸੀ ਪਿੰਡ ਮੱਲੀਆਂ ਵਾਲਾ ਵਜੋਂ ਹੋਈ ਹੈ। ਡੀਐੱਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਜਗਦੀਪ ਸਿੰਘ ਦੇ ਘਰ ਸ਼ਰਾਬ ਤਸਕਰੀ ਦੇ ਸ਼ੱਕ ਵਿਚ ਪੁਲੀਸ ਸ਼ਰਾਬ ਠੇਕੇਦਾਰਾਂ ਅਤੇ ਆਬਕਾਰੀ ਵਿਭਾਗ ਦੀ ਟੀਮ ਨਾਲ ਛਾਪੇਮਾਰੀ ਕਰਨ ਗਈ। ਇਸ ਦੌਰਾਨ ਨੌਜਵਾਨ ਜਗਦੀਪ ਸਿੰਘ ਨੇ ਪੁਲੀਸ ਮੁਲਾਜ਼ਮਾਂ ਨੂੰ ਦੇਖ ਕੇ ਛੱਪੜ ਵਿਚ ਛਾਲ ਮਾਰ ਦਿੱਤੀ ਅਤੇ ਉਸ ਦੀ ਡੁੱਬਣ ਨਾਲ ਮੌਤ ਹੋ ਗਈ। ਉਨ੍ਹਾਂ ਦਾਅਵਾ ਕੀਤਾ ਕਿ ਪੁਲੀਸ ਮੁਲਾਜ਼ਮਾਂ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਉਸ ਨੂੰ ਛੱਪੜ ਵਿਚੋਂ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਡੀਐੱਸਪੀ ਨੇ ਕਿਹਾ ਕਿ ਪੀੜਤ ਪਰਿਵਾਰ ਜੋ ਬਿਆਨ ਲਿਖਵਾਏਗਾ ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਦੂਜੇ ਪਾਸੇ ਮ੍ਰਿਤਕ ਜਗਦੀਪ ਸਿੰਘ ਦੇ ਵਾਰਸਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਲਈ ਪੁਲੀਸ, ਸ਼ਰਾਬ ਠੇਕੇਦਾਰ ਅਤੇ ਆਬਕਾਰੀ ਟੀਮ ਜ਼ਿੰਮੇਵਾਰ ਹੈ। ਸਥਾਨਕ ਸਿਵਲ ਹਸਪਤਾਲ ਵਿਖੇ ਮ੍ਰਿਤਕ ਦੇ ਵਾਰਸਾਂ ਅਤੇ ਪਿੰਡ ਦੇ ਲੋਕਾਂ ਨੇ ਰੋਸ ਧਰਨਾ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ।