ਅਪਰਾਧੀਆਂ ’ਚ ਸਰਕਾਰ ਦਾ ਡਰ ਖ਼ਤਮ: ਜਾਖੜ
ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਪਰਾਧੀਆਂ ਵਿੱਚ ਸਰਕਾਰ ਦਾ ਖ਼ੌਫ਼ ਖ਼ਤਮ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਪਾਰਟੀ ਹਾਈਕਮਾਨ ਦੇ ਡਰ ਕਾਰਨ ਖ਼ੁਦ ਕੋਈ ਵੀ ਸਖ਼ਤ ਫ਼ੈਸਲਾ ਲੈਣ ਦੇ ਅਸਮਰੱਥ ਹਨ। ਸਕੂਲਾਂ ਨੂੰ ਮਿਲੀਆਂ ਧਮਕੀਆਂ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਥਾਣਿਆਂ ਨੂੰ ਧਮਾਕੇ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਸਨ, ਜਿਸ ਤੋਂ ਬਾਅਦ ਥਾਣਿਆਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਗਈਆਂ। ਹੁਣ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ’ਤੇ ਸਕੂਲ ਬੰਦ ਕਰ ਦਿੱਤੇ ਗਏ ਹਨ। ਅਜਿਹੇ ਹਾਲਾਤ ਤਾਂ ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ਦੇਖਣ ਜਾਂ ਸੁਣਨ ਨੂੰ ਨਹੀਂ ਸਨ ਮਿਲਦੇ। ਉਨ੍ਹਾਂ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਕਿਸ ਦਿਸ਼ਾ ਵੱਲ ਲੈ ਕੇ ਜਾ ਰਹੀ ਹੈ? ਇਸ ਤੋਂ ਪਹਿਲਾਂ ਹਰਿਮੰਦਰ ਸਾਹਿਬ ਨੂੰ ਵੀ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ। ਸੂਬੇ ਵਿੱਚ ਗੈਂਗਸਟਰਵਾਦ ਦੇ ਨਾਲ-ਨਾਲ ਵੱਖਵਾਦੀ ਤਾਕਤਾਂ ਵੀ ਲਗਾਤਾਰ ਸਿਰ ਚੁੱਕ ਰਹੀਆਂ ਹਨ ਪਰ ਸਰਹੱਦੀ ਸੂਬੇ ਦੀ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਹੋਈ ਹੈ। ਅਜਿਹਾ ਕੋਈ ਦਿਨ ਨਹੀਂ ਲੰਘਦਾ ਜਦੋਂ ਸੂਬੇ ਵਿੱਚ ਕੋਈ ਗੰਭੀਰ ਅਪਰਾਧਿਕ ਘਟਨਾ ਨਾ ਹੋਵੇ। ਮੁੱਖ ਮੰਤਰੀ ਪੰਜਾਬ ਦੇ ਲੋਕਾਂ ਪ੍ਰਤੀ ਜਵਾਬਦੇਹ ਬਣਨ ਅਤੇ ਖ਼ੁਦ ਸਰਕਾਰ ਚਲਾਉਣ ਦੀ ਹਿੰਮਤ ਦਿਖਾਉਣ।
