ਫੌਜਾ ਸਿੰਘ ਦੀਆਂ ਅਸਥੀਆਂ ਕੀਰਤਪੁਰ ਸਾਹਿਬ ’ਚ ਜਲ ਪ੍ਰਵਾਹ
ਕੌਮਾਂਤਰੀ ਦੌੜਾਕ ਫੌਜਾ ਸਿੰਘ ਦੀਆਂ ਅਸਥੀਆਂ ਅੱਜ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਾਕ ਸਬੰਧੀਆਂ ਵੱਲੋਂ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਨੇੇੜੇ ਸਤਲੁਜ ਦਰਿਆ ’ਤੇ ਸਥਿਤ ਅਸਥਘਾਟ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਜਾਣਕਾਰੀ ਅਨੁਸਾਰ ਫੌਜਾ ਸਿੰਘ ਦੀ ਲੰਘੇ ਦਿਨੀਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਅੱਜ ਗੁਰਦੁਆਰਾ ਪਤਾਲਪੁਰੀ ਸਾਹਿਬ ਵਿੱਚ ਮਰਹੂਮ ਫੌਜਾ ਸਿੰਘ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਵਾਈ ਗਈ। ਇਸ ਮੌਕੇ ਫੌਜਾ ਸਿੰਘ ਦੇ ਭਾਣਜੇ ਪਰਮਜੀਤ ਸਿੰਘ ਪੱਤੜ ਨੇ ਕਿਹਾ ਕਿ ਫੌਜਾ ਸਿੰਘ ਅੱਜ ਦੇ ਨੌਜਵਾਨਾਂ ਲਈ ਮਾਰਗ ਦਰਸ਼ਕ ਹਨ। ਫੌਜਾ ਸਿੰਘ ਇਸ ਉਮਰ ਵਿੱਚ ਵੀ ਪੂਰੀ ਤਰ੍ਹਾਂ ਤੰਦਰੁਸਤ ਸਨ ਤੇ ਉਹ ਹਮੇਸ਼ਾ ਇੱਕੋ ਹੀ ਗੱਲ ਕਹਿੰਦੇ ਹੁੰਦੇ ਸਨ ਕਿ ‘ਘੱਟ ਖਾਓ ਅਤੇ ਹਮੇਸ਼ਾ ਚੱਲਦੇ ਰਹੋ।’’ ਉਨ੍ਹਾਂ ਕਿਹਾ ਕਿ ਉਹ ਹਰ ਰੋਜ਼ ਅਲਸੀ ਦੀ ਪਿੰਨੀ ਤੇ ਇੱਕ ਫੁਲਕਾ ਖਾਂਦੇ ਸਨ। ਇਸ ਤੋਂ ਇਲਾਵਾ ਉਨ੍ਹਾਂ ਦੀ ਹੋਰ ਕੋਈ ਵੀ ਖੁਰਾਕ ਨਹੀਂ ਸੀ ਤੇ ਉਹ ਸਾਦਾ ਜੀਵਨ ਬਤੀਤ ਕਰਦੇ ਸਨ। ਇਸ ਮੌਕੇ ਹਰਵਿੰਦਰ ਸਿੰਘ, ਸੁਖਜਿੰਦਰ ਸਿੰਘ (ਦੋਵੇਂ ਪੁੱਤਰ), ਜਸਵਿੰਦਰ ਕੌਰ, ਨਿਰਮਲ ਕੌਰ (ਦੋਵੇਂ ਬੇਟੀਆਂ), ਰਮਨਦੀਪ ਕੌਰ, ਜਸਨੂਰ ਕੌਰ, ਰਣਦੀਪ ਕੌਰ ਦੋਤਰੀਆਂ,ਜਪਨੀਤ ਕੌਰ, ਸੁਖਮਨੀ ਕੌਰ (ਦੋਵੇਂ ਪੋਤਰੀਆਂ), ਸੁਖਵੰਤ ਸਿੰਘ ਜਵਾਈ, ਪਰਮਜੀਤ ਸਿੰਘ ਪੱਤੜ ਭਾਣਜਾ, ਇੰਦਰਜੀਤ ਕੌਰ ਭਾਣਜੀ, ਬਲਜੀਤ ਕੌਰ, ਭਣਜੀਤ ਕੌਰ ਹਾਜ਼ਰ ਸਨ।