ਨੌਜਵਾਨਾਂ ਲਈ ਹਮੇਸ਼ਾ ਪ੍ਰੇਰਣਾ ਸਰੋਤ ਰਹਿਣਗੇ ਫੌਜਾ ਸਿੰਘ
ਬਜ਼ੁਰਗ ਦੌੜਾਕ ਫੌਜਾ ਸਿੰਘ ਨੇ ਮਕਬੂਲੀਅਤ ਦੀ ਸਿਖ਼ਰ ਨੂੰ ਛੂਹਿਆ ਹੈ। ਉਹ ਅਜਿਹੇ ਦ੍ਰਿੜ ਇਰਾਦੇ ਵਾਲੇ ਇਨਸਾਨ ਸਨ ਜੋ ਆਪਣਾ ਟੀਚਾ ਮਿੱਥ ਕੇ ਚੱਲਦੇ ਰਹੇ ਅਤੇ ਅੰਤ ਉਨ੍ਹਾਂ ਸਫ਼ਲਤਾ ਪ੍ਰਾਪਤ ਕੀਤੀ। ਫੌਜਾ ਸਿੰਘ ਨੂੰ ਵਿਸ਼ਵ ਦੇ ਬਿਹਤਰੀਨ ਮੈਰਾਥਨਰ ਬਣਨ ਦਾ ਮਾਣ ਹਾਸਲ ਹੈ। ਬੀਤੇ ਦਿਨੀਂ ਉਨ੍ਹਾਂ ਦੇ ਜੱਦੀ ਪਿੰਡ ’ਚ ਵਾਪਰੇ ਸੜਕ ਹਾਦਸੇ ’ਚ 114 ਸਾਲਾ ਫੌਜਾ ਸਿੰਘ ਦਾ ਦੇਹਾਂਤ ਹੋ ਗਿਆ ਸੀ। ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਦੇਸ਼ ਭਗਤ ਪਾਰਕ ’ਚ ਸੰਸਾਰ ਭਰ ਦੀਆਂ ਪ੍ਰਸਿੱਧ ਹਸਤੀਆਂ ਦੇ ਬੁੱਤ ਸਥਾਪਤ ਹਨ ਜਿਥੇ ਹੁਣ ਬਜ਼ੁਰਗ ਮੈਰਾਥਨਰ ਫੌਜਾ ਸਿੰਘ ਦਾ ਬੁੱਤ ਵੀ ਸਥਾਪਤ ਕੀਤਾ ਜਾਵੇਗਾ। ਬੁੱਤ ਤਰਾਸ਼ ਮਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਬਜ਼ੁਰਗ ਦੌੜਾਕ ਫੌਜਾ ਸਿੰਘ ਦੇ ਦੋ ਬੁੱਤ ਤਿਆਰ ਕੀਤੇ ਗਏ ਹਨ, ਜਿਨ੍ਹਾਂ ’ਚੋਂ ਇੱਕ ਘੱਲ ਕਲਾਂ ਦੇ ਦੇਸ਼ ਭਗਤ ਪਾਰਕ ਅਤੇ ਦੂਜਾ ਉਨ੍ਹਾਂ ਦੇ ਜੱਦੀ ਪਿੰਡ ਬਿਆਸ ਵਿੱਚ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਦਿਲ ਵਿੱਚ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ ਹੁੰਦਾ।
ਉਨ੍ਹਾਂ ਕਿਹਾ ਕਿ ਫੌਜਾ ਸਿੰਘ ਦੇ ਬੁੱਤ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣਨਗੇ। ਉਨ੍ਹਾਂ ਦੇ ਬੁੱਤਾਂ ਨੂੰ ਦੇਖ ਕੇ ਉਨ੍ਹਾਂ ਦੀ ਸੋਚ ਨੌਜਵਾਨਾਂ ਨੂੰ ਮਾਨਸਿਕ ਤੌਰ ’ਤੇ ਤਕੜਾ ਕਰੇਗੀ ਅਤੇ ਖੇਡਾਂ ਲਈ ਪ੍ਰੇਰਿਤ ਕਰੇਗੀ। ਫੌਜਾ ਸਿੰਘ ਵਿੱਚ ਵਿਸ਼ਵ ਦੇ ਪਹਿਲੇ 100 ਸਾਲਾ ਦੌੜਾਕ ਸਨ। ਉਨ੍ਹਾਂ ਦਾ ਜਨਮ 1 ਅਪਰੈਲ 1911 ਨੂੰ ਜਲੰਧਰ ਦੇ ਪਿੰਡ ਬਿਆਸ ’ਚ ਹੋਇਆ ਸੀ। ਉਨ੍ਹਾਂ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਤ ਨੇ ਫੌਜਾ ਸਿੰਘ ਨੂੰ ਤੋੜ ਕੇ ਰੱਖ ਦਿੱਤਾ। ਫੌਜਾ ਸਿੰਘ ਦੀ ਮੌਤ 14 ਜੁਲਾਈ 2025 ਨੂੰ ਜਲੰਧਰ ਵਿੱਚ ਆਪਣੇ ਘਰ ਦੇ ਬਾਹਰ ਸੈਰ ਕਰਦੇ ਸਮੇਂ ਕਿਸੇ ਵਾਹਨ ਵੱਲੋਂ ਟੱਕਰ ਮਾਰਨ ਕਰਕੇ ਹੋ ਗਈ। ਉਨ੍ਹਾਂ ਦਾ ਭਲਕੇ 12 ਵਜੇ ਜੱਦੀ ਪਿੰਡ ਬਿਆਸ ’ਚ ਸਸਕਾਰ ਕੀਤਾ ਜਾਵੇਗਾ।