ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਆੜ੍ਹਤੀਏ ਨਾਲ ਪਿਓ-ਪੁੱਤ ਨੇ ਮਾਰੀ 6 ਕਰੋੜ ਰੁਪਏ ਦੀ ਠੱਗੀ

ਫ਼ਰਜ਼ੀ ਮਹਿਲਾ ਆਈਪੀਐੱਸ ਅਧਿਕਾਰੀ ਦੇ ਜਾਲ ’ਚ ਫਸਾਇਆ ਆੜ੍ਹਤੀ
Advertisement

ਜੋਗਿੰਦਰ ਸਿੰਘ ਮਾਨ

ਇੱਥੇ ਇੱਕ ਆੜ੍ਹਤੀਏ ਨਾਲ ਰਿਸ਼ਤੇਦਾਰਾਂ ਵੱਲੋਂ ਕਿਸੇ ਆਈਪੀਐੱਸ ਅਧਿਕਾਰੀ ਨਾਲ ਜਾਣ-ਪਛਾਣ ਕਰਵਾ ਕੇ ਉਸ ਕੋਲੋਂ 6 ਕਰੋੜ ਰੁਪਏ ਠੱਗ ਲਏ ਹਨ। ਇਸ ਮਾਮਲੇ ’ਚ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਸੱਤ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਹਾਲੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਹ ਮੁਲਜ਼ਮ ਆੜ੍ਹਤੀਏ ਦੇ ਹੀ ਰਿਸ਼ਤੇਦਾਰ ਦੱਸੇ ਜਾ ਰਹੇ ਹਨ, ਜੋ ਹਾਲੇ ਫ਼ਰਾਰ ਹਨ। ਇਹ ਠੱਗੀ ਆੜ੍ਹਤੀਏ ਤੋਂ ਕਈ ਵਿਅਕਤੀਆਂ ਦੇ ਬੈਂਕ ਖਾਤਿਆਂ ਵਿੱਚ ਲੱਖਾਂ ਰੁਪਏ ਦੀਆਂ ਆਨਲਾਈਨ ਐਂਟਰੀਆਂ ਕਰਵਾ ਕੇ ਅਤੇ ਨਕਦੀ ਲੈ ਕੇ ਕੀਤੀ ਗਈ ਹੈ।

Advertisement

ਮਹਿਲਾ ਆਈਪੀਐੱਸ ਅਧਿਕਾਰੀ ਦਾ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਆੜ੍ਹਤੀਏ ਨੂੰ ਸ਼ਿਕਾਰ ਬਣਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਿਰਸਾ ਵਾਸੀ ਆੜ੍ਹਤੀ ਰਾਏ ਸਿੰਘ ਦੀ ਰਿਸ਼ਤੇਦਾਰੀ ਸੋਨੂੰ ਅਤੇ ਉਸ ਦੇ ਪਿਤਾ ਮਾਹੀਪਾਲ ਨਾਲ ਪੈਂਦੀ ਸੀ। ਸੋਨੂੰ ਅਤੇ ਮਾਹੀਪਾਲ ਨੇ ਆੜ੍ਹਤੀ ਰਾਏ ਸਿੰਘ ਨੂੰ ਗੱਲਾਂ ਵਿੱਚ ਲਾ ਕੇ ਕਿਹਾ ਕਿ ਉਨ੍ਹਾਂ ਦੀ ਸਿਰਸਾ ਦੀ ਆਈਪੀਐੱਸ ਅਧਿਕਾਰੀ ਨਾਲ ਜਾਣ-ਪਛਾਣ ਹੈ। ਪਿਓ-ਪੁੱਤ ਨੇ ਉਸ ਨੂੰ ਇੱਕ ਮੋਬਾਈਲ ਨੰਬਰ ਦੇ ਕੇ ਇਸ ਅਧਿਕਾਰੀ ਨਾਲ ਕੋਈ ਵੀ ਗੱਲਬਾਤ ਬਿਨਾਂ ਝਿਜਕ ਕਰ ਲੈਣ ਲਈ ਕਿਹਾ। ਇਸ ਦੌਰਾਨ ਫਰਜ਼ੀ ਆਈਪੀਐੱਸ ਮਹਿਲਾ ਅਧਿਕਾਰੀ ਨੇ ਰਾਏ ਸਿੰਘ ਦੇ ਮੋਬਾਈਲ ਨੰਬਰ ’ਤੇ ਵੱਟਸਐਪ ਸੁਨੇਹੇ ਭੇਜਣੇ ਸ਼ੁਰੂ ਕਰ ਦਿੱਤੇ ਅਤੇ ਆੜ੍ਹਤੀ ਤੋਂ ਪੈਸਿਆਂ ਦੀ ਮੰਗ ਕੀਤੀ। ਫ਼ਰਜ਼ੀ ਮਹਿਲਾ ਅਧਿਕਾਰੀ ਨੇ ਆੜ੍ਹਤੀ ਨੂੰ ਕਿਹਾ ਕਿ ਉਸ ਨਾਲ ਗੱਲਾਂ ਕਰਨ ਦਾ ਉਸ ਦੇ (ਮਹਿਲਾ ਦੇ) ਸਹੁਰਾ ਪਰਿਵਾਰ ਨੇ ਇਤਰਾਜ਼ ਕੀਤਾ, ਜਿਸ ਤੋਂ ਗੁੱਸੇ ਵਿੱਚ ਆ ਕੇ ਉਸ ਨੇ ਆਪਣੇ ਸਹੁਰੇ ਨੂੰ ਗੋਲੀ ਮਾਰ ਦਿੱਤੀ। ਉਸ ਨੇ ਆੜ੍ਹਤੀ ਨੂੰ ਡਰਾਉਣ ਲਈ ਕਿਹਾ ਕਿ ਉਸ ਨੇ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਨੇ ਆਪਣੇ ਸਹੁਰੇ ਨੂੰ ਰਾਏ ਸਿੰਘ ਦੇ ਕਹਿਣ ’ਤੇ ਗੋਲੀ ਮਾਰੀ ਹੈ। ਮਹਿਲਾ ਅਧਿਕਾਰੀ ਨੇ ਆੜ੍ਹਤੀਏ ਨੂੰ ਇੱਥੋਂ ਤੱਕ ਵਿਸ਼ਵਾਸ ਦਿਵਾਇਆ ਕਿ ਉਸ ਦਾ ਸਹੁਰਾ ਗੰਭੀਰ ਹਾਲਤ ਵਿੱਚ ਹੈ ਤੇ ਸਮਝੌਤਾ ਕਰਨ ਲਈ ਉਸ ਦਾ ਸਹੁਰਾ ਪਰਿਵਾਰ ਕਰੋੜਾਂ ਰੁਪਏ ਦੀ ਮੰਗ ਕਰ ਰਿਹਾ ਹੈ। ਆੜ੍ਹਤੀ ਰਾਏ ਸਿੰਘ ਇਸ ਗੱਲ ਤੋਂ ਕਾਫ਼ੀ ਡਰ ਗਿਆ ਅਤੇ ਪੈਸਿਆਂ ਦਾ ਪ੍ਰਬੰਧ ਕੀਤਾ। ਆੜ੍ਹਤੀ ਨੇ ਇਹ ਪੈਸੇ ਸੋਨੂੰ ਅਤੇ ਉਸ ਦੇ ਪਿਤਾ ਮਾਹੀਵਾਲ ਨੂੰ ਫੜਾਏ। ਜਦੋਂ ਆੜ੍ਹਤੀ, ਮਹਿਲਾ ਅਧਿਕਾਰੀ ਕੋਲੋਂ ਆਪਣੇ ਪੈਸੇ ਵਾਪਸ ਲੈਣ ਲਈ ਗਿਆ ਤਾਂ ਉਹ ਉਸ ਨੂੰ ਨਹੀਂ ਮਿਲੀ। ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਰਾਏ ਸਿੰਘ ਦੇ ਬਿਆਨਾਂ ’ਤੇ ਸੋਨੂੰ ਅਤੇ ਮਾਹੀਪਾਲ, ਸ਼ਿਮਲਾ, ਰਾਜਪਾਲ, ਭੂਪ ਸਿੰਘ ਵਾਸੀ ਮੇੜੀਆ ਖੇੜਾ (ਸਿਰਸਾ), ਮਾਇਆ ਦੇਵੀ, ਉਸ ਦੇ ਪਤੀ ਸਰਵਣ ਕੁਮਾਰ ਵਾਸੀ ਮਾਧੋ ਧਿਆਨ (ਸਿਰਸਾ) ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Advertisement